ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਗੁਰੂਗ੍ਰਾਮ ਬ੍ਰਾਂਚ ਨੇ ਰੀਅਲ ਅਸਟੇਟ ਸੈਕਟਰ ’ਚ ਧੋਖਾਦੇਹੀ ਅਤੇ ਜਾਅਲਸਾਜ਼ੀ ਦੇ ਇਕ ਵੱਡੇ ਮਾਮਲੇ ’ਚ ਮਾਹਿਰਾ ਬਿਲਡਟੈੱਕ ਅਤੇ ਜਾਰ ਬਿਲਡਵੈੱਲ ਕੰਪਨੀਆਂ ਦੀ ਲਗਭਗ 557.43 ਕਰੋੜ ਰੁਪਏ ਦੀ ਜਾਇਦਾਦ ਆਰਜ਼ੀ ਤੌਰ ’ਤੇ ਕੁਰਕ ਕੀਤੀ ਹੈ। ਮਾਹਿਰਾ ਬਿਲਡਟੈੱਕ ਕੰਪਨੀ ਸਮਾਲਖਾ ਦੇ ਸਾਬਕਾ ਕਾਂਗਰਸ ਵਿਧਾਇਕ ਧਰਮ ਸਿੰਘ ਛੋਕਰ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਜੁੜੀ ਹੋਈ ਹੈ। ਕੁਝ ਸਮਾਂ ਪਹਿਲਾਂ ਈ.ਡੀ. ਨੇ ਦਿੱਲੀ ਤੋਂ ਧਰਮ ਸਿੰਘ ਛੋਕਰ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਵੀ ਕੀਤਾ ਸੀ।
ਇਹ ਕੁਰਕੀ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐੱਮ.ਐਲ.ਏ), 2002 ਦੇ ਤਹਿਤ ਮਾਹਿਰਾ ਇੰਫਰਾਟੈੱਕ ਪ੍ਰਾਈਵੇਟ ਲਿਮਟਿਡ (ਪਹਿਲਾਂ ਮੈਸਰਜ਼ ਸਾਈਂ ਆਇਨਾ ਫਾਰਮਜ਼ ਪ੍ਰਾਈਵੇਟ ਲਿਮਟਿਡ), ਮੈਸਰਜ਼ ਮਾਹਿਰਾ ਬਿਲਡਟੈਕ ਪ੍ਰਾਈਵੇਟ ਲਿਮਟਿਡ ਅਤੇ ਮੈਸਰਜ਼ ਜਾਰ ਬਿਲਡਵੈੱਲ ਪ੍ਰਾਈਵੇਟ ਲਿਮਟਿਡ ਦੇ ਖਿਲਾਫ ਕੀਤੀ ਗਈ ਹੈ, ਜੋ ਸਾਬਕਾ ਵਿਧਾਇਕ ਧਰਮ ਸਿੰਘ ਛੋਕਰ ਨਾਲ ਜੁੜੀਆਂ ਦੱਸੀਆਂ ਜਾਂਦੀਆਂ ਹਨ।
ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ’ਚ ਗੁਰੂਗ੍ਰਾਮ ਦੇ ਸੈਕਟਰ-68, 63ਏ, 103, 104, 92, 88ਬੀ ਅਤੇ 95 ’ਚ ਸਥਿਤ ਲਗਭਗ 35 ਏਕੜ ਦੀਆਂ 7 ਅਚੱਲ ਜਾਇਦਾਦਾਂ (ਰਿਹਾਇਸ਼ੀ ਅਤੇ ਵਪਾਰਕ ਜ਼ਮੀਨ) ਸ਼ਾਮਲ ਹਨ। ਇਸ ਤੋਂ ਇਲਾਵਾ ਇਨ੍ਹਾਂ ਕੰਪਨੀਆਂ ਨਾਲ ਜੁੜੀਆਂ ਲਗਭਗ 97 ਲੱਖ ਰੁਪਏ ਦੀਆਂ ਫਿਕਸਡ ਡਿਪਾਜ਼ਿਟ ਰਸੀਦਾਂ ਵੀ ਕੁਰਕ ਕੀਤੀਆਂ ਗਈਆਂ ਹਨ।
ਵਾਅਦਾ ਕੀਤੇ ਗਏ ਘਰ ਦੇਣ ਵਿਚ ਅਸਫਲ ਰਹੀਆਂ ਕੰਪਨੀਆਂ
ਈ.ਡੀ. ਦੀ ਜਾਂਚ ਗੁਰੂਗ੍ਰਾਮ ਪੁਲਸ ਵੱਲੋਂ ਦਰਜ ਕਈ ਐੱਫ.ਆਈ.ਆਰਜ਼ ’ਤੇ ਅਧਾਰਤ ਹੈ, ਜਿਸ ਵਿਚ ਇਹ ਦੋਸ਼ ਲਗਾਇਆ ਗਿਆ ਹੈ ਕਿ ਇਨ੍ਹਾਂ ਕੰਪਨੀਆਂ ਨੇ ਜਾਅਲੀ ਦਸਤਾਵੇਜ਼ ਅਤੇ ਜਾਅਲੀ ਬੈਂਕ ਗਾਰੰਟੀ ਪੇਸ਼ ਕਰ ਕੇ ਕਿਫਾਇਤੀ ਰਿਹਾਇਸ਼ੀ ਪ੍ਰੋਜੈਕਟਾਂ ਲਈ ਲਾਇਸੈਂਸ ਪ੍ਰਾਪਤ ਕੀਤੇ ਸਨ। ਇਨ੍ਹਾਂ ਕੰਪਨੀਆਂ ਨੇ 3700 ਤੋਂ ਵੱਧ ਘਰ ਖਰੀਦਦਾਰਾਂ ਤੋਂ 616 ਕਰੋੜ ਰੁਪਏ ਤੋਂ ਵੱਧ ਦੇ ਪੈਸੇ ਇਕੱਠੇ ਕੀਤੇ ਪਰ ਵਾਅਦਾ ਕੀਤੇ ਘਰ ਦੇਣ ’ਚ ਅਸਫਲ ਰਹੀਆਂ।
ਇਹ ਕਾਰਵਾਈ ਫਰਵਰੀ 2024 ਅਤੇ ਮਾਰਚ 2025 ’ਚ 81.07 ਕਰੋੜ ਰੁਪਏ ਦੀ ਪਿਛਲੀ ਕੁਰਕੀ ਤੋਂ ਬਾਅਦ ਹੋਈ ਹੈ। ਮਾਮਲੇ ਦੇ ਮੁਖ ਮੁਲਜ਼ਮਾਂ ਵਿਚ ਮਾਹਿਰਾ ਗਰੁੱਪ ਦੇ ਪ੍ਰਮੋਟਰ ਸਿਕੰਦਰ ਸਿੰਘ, ਸਾਬਕਾ ਵਿਧਾਇਕ ਧਰਮ ਸਿੰਘ ਛੋਕਰ ਅਤੇ ਵਿਕਾਸ ਛੋਕਰ ਸ਼ਾਮਲ ਹਨ। ਸਿਕੰਦਰ ਸਿੰਘ ਨੂੰ ਅਪ੍ਰੈਲ 2024 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦਕਿ 6 ਗੈਰ-ਜ਼ਮਾਨਤੀ ਵਾਰੰਟਾਂ ਤੋਂ ਬਚਣ ਵਾਲੇ ਧਰਮ ਸਿੰਘ ਛੋਕਰ ਨੂੰ ਮਈ 2025 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਕਾਸ ਛੋਕਰ ਅਜੇ ਵੀ ਫਰਾਰ ਹੈ ਅਤੇ ਗੁਰੂਗ੍ਰਾਮ ਦੀ ਵਿਸ਼ੇਸ਼ ਅਦਾਲਤ ਵੱਲੋਂ ਉਸ ਵਿਰੁੱਧ ਵਿਸ਼ੇਸ਼ ਐਲਾਨ ਜਾਰੀ ਕੀਤਾ ਗਿਆ ਹੈ, ਜਿੱਥੇ ਕੇਸ ਵਿਚਾਰ ਅਧੀਨ ਹੈ।
