ਨਸ਼ਾ ਤਸਕਰੀ ਖ਼ਿਲਾਫ਼ ਡੀ. ਆਰ. ਆਈ. ਦੀ ਵੱਡੀ ਕਾਰਵਾਈ, 9.19 ਕਰੋੜ ਦੀ ਹੈਰੋਇਨ ਸਣੇ 2 ਸਮੱਗਲਰ ਦਬੋਚੇ

ਲੁਧਿਆਣਾ : ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਦੀ ਲੁਧਿਆਣਾ ਜ਼ੋਨਲ ਯੂਨਿਟ ਨੇ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਕਰੀਬ 4.595 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਅੰਦਾਜ਼ਨ ਕੀਮਤ ਲਗਭਗ 9.19 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਡੀ.ਆਰ.ਆਈ. ਨੂੰ ਵਿਸ਼ੇਸ਼ ਖੁਫ਼ੀਆ ਸੂਚਨਾ ਮਿਲੀ ਸੀ ਕਿ ਸਰਹੱਦੀ ਜ਼ਿਲ੍ਹਿਆਂ ਤੋਂ ਇੱਕ ਵਿਸ਼ੇਸ਼ ਵਾਹਨ ਰਾਹੀਂ ਨਸ਼ੀਲੇ ਪਦਾਰਥਾਂ ਦੀ ਖੇਪ ਲੁਧਿਆਣਾ ਲਿਆਂਦੀ ਜਾ ਰਹੀ ਹੈ। ਸੂਚਨਾ ਦੇ ਆਧਾਰ ”ਤੇ ਡੀ.ਆਰ.ਆਈ. ਅਧਿਕਾਰੀਆਂ ਨੇ ਜਲੰਧਰ-ਲੁਧਿਆਣਾ ਹਾਈਵੇ ”ਤੇ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਨਿਗਰਾਨੀ ਸ਼ੁਰੂ ਕਰ ਦਿੱਤੀ।

ਸ਼ਨੀਵਾਰ 14 ਮਾਰਚ ਨੂੰ ਸ਼ਾਮ ਕਰੀਬ 4 ਵਜੇ ਸ਼ੱਕੀ ਵਾਹਨ ਦਿਖਾਈ ਦੇਣ ’ਤੇ ਡੀ.ਆਰ.ਆਈ. ਟੀਮ ਨੇ ਉਸ ਨੂੰ ਰੋਕ ਕੇ ਤਲਾਸ਼ੀ ਲਈ। ਤਲਾਸ਼ੀ ਦੌਰਾਨ ਵਾਹਨ ਦੀ ਅਗਲੀ ਪੈਸੰਜਰ ਸੀਟ ਦੇ ਹੇਠਾਂ ਰੱਖੇ ਪੀਲੇ ਰੰਗ ਦੇ ਪੋਲੀਥੀਨ ਬੈਗ ਵਿੱਚੋਂ ਚਾਰ ਪਾਰਦਰਸ਼ੀ ਪੈਕੇਟ ਬਰਾਮਦ ਹੋਏ, ਜਿਨ੍ਹਾਂ ਨੂੰ ਪੀਲੇ ਤੇ ਕਾਲੇ ਰੰਗ ਦੀ ਟੇਪ ਨਾਲ ਲਪੇਟਿਆ ਹੋਇਆ ਸੀ। ਅਧਿਕਾਰੀਆਂ ਵੱਲੋਂ ਬਰਾਮਦ ਪਦਾਰਥ ਦੀ ਫੀਲਡ ਟੈਸਟਿੰਗ ਕਿੱਟ ਨਾਲ ਜਾਂਚ ਕਰਨ ”ਤੇ ਉਹ ਹੈਰੋਇਨ ਪਾਈ ਗਈ। ਚਾਰਾਂ ਪੈਕੇਟਾਂ ਦਾ ਕੁੱਲ ਭਾਰ 4.595 ਕਿਲੋਗ੍ਰਾਮ ਨਿਕਲਿਆ। ਇਸ ਤੋਂ ਬਾਅਦ ਡੀ.ਆਰ.ਆਈ. ਨੇ ਹੈਰੋਇਨ ਅਤੇ ਤਸਕਰੀ ਵਿੱਚ ਵਰਤੇ ਗਏ ਵਾਹਨ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐਨ.ਡੀ.ਪੀ.ਐਸ.) ਐਕਟ ਤਹਿਤ ਜ਼ਬਤ ਕਰ ਲਿਆ। ਉਕਤ ਵਾਹਨ ਵਿੱਚ ਸਵਾਰ ਦੋ ਵਿਅਕਤੀਆਂ ਨੂੰ ਪੁੱਛਗਿੱਛ ਤੋਂ ਬਾਅਦ 15 ਮਾਰਚ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

By Gurpreet Singh

Leave a Reply

Your email address will not be published. Required fields are marked *