ਜਲੰਧਰ ‘ਚ ਵੱਡੀ ਵਾਰਦਾਤ, ਡਰਾਈਵਰ ਦਾ ਬੇਰਹਿਮੀ ਨਾਲ ਕਤਲ!

ਨੈਸ਼ਨਲ ਟਾਈਮਜ਼ ਬਿਊਰੋ :- ਜਲੰਧਰ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਨਕੋਦਰ ਵਿਖੇ ਸਿਟੀ ਪੁਲਸ ਨੂੰ ਇਕ ਅੱਧ-ਸੜੀ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਿਟੀ ਥਾਣਾ ਮੁਖੀ ਸਬ ਇੰਸਪੈਕਟਰ ਹਰਮਿੰਦਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਪ੍ਰਵੀਨ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਪਿੰਡ ਸੀਤੋ (ਅਬੋਹਰ) ਵਜੋਂ ਹੋਈ ਹੈ।

ਪੁਲਸ ਨੂੰ ਦਿੱਤੇ ਬਿਆਨ ’ਚ ਚੰਦਰਪਾਲ ਪੁੱਤਰ ਚਮਨ ਲਾਲ ਵਾਸੀ ਬਸੰਤ ਨਗਰ ਅਬੋਹਰ ਨੇ ਦੱਸਿਆ ਕਿ ਉਹ ਐੱਸ. ਕੇ. ਟ੍ਰੇਡਿੰਗ ਕੰਪਨੀ ਰਾਹੀਂ ਅਬੋਹਰ ਸਮੇਤ ਪੰਜਾਬ ’ਚ ਫਲ ਸਪਲਾਈ ਕਰਨ ਦਾ ਕਾਰੋਬਾਰ ਕਰਦਾ ਹੈ। 9 ਫਰਵਰੀ 2026 ਨੂੰ ਕਰੀਬ 6 ਵਜੇ ਸ਼ਾਮ ਨੂੰ ਡਰਾਈਵਰ ਪ੍ਰਵੀਨ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਪਿੰਡ ਸੀਤੋ (ਅਬੋਹਰ) ਕੈਂਟਰ ਨੰਬਰ ਪੀ. ਬੀ. 05 ਏ. ਕੇ. 3268 ਫਰੂਟ ਲੋਡ ਕਰਕੇ ਲੁਧਿਆਣਾ ਮੰਡੀ ਗਿਆ ਸੀ। ਮਾਲ ਖਾਲੀ ਕਰਨ ਉਪਰੰਤ 10 ਫਰਵਰੀ ਨੂੰ ਸਵੇਰੇ ਬਾਲਾ ਜੀ ਫਰੂਟ ਕੰਪਨੀ ਲੁਧਿਆਣਾ ਤੋਂ 9 ਲੱਖ ਰੁਪਏ ਪ੍ਰਾਪਤ ਕਰਕੇ ਫਗਵਾੜਾ ਤੋ ਕਰੇਟ ਲੋਡ ਕਰਨ ਲਈ ਗਿਆ।

ਉਪਰੰਤ ਡਰਾਈਵਰ ਦਾ ਫੋਨ ਬੰਦ ਆਉਣ ਲੱਗ ਪਿਆ। ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਉਸ ਦੇ ਨਾਲ ਪੁਰਾਣਾ ਡਰਾਈਵਰ ਆਜ਼ਾਦ ਸਿੰਘ ਪੁੱਤਰ ਕਾਰਜ ਸਿੰਘ ਵਾਸੀ ਬੱਲੂਆਣਾ ਕਾਲੋਨੀ ਅਬੋਹਰ ਵੀ ਸੀ। ਬਾਅਦ ’ਚ ਸ਼ਾਹਕੋਟ ਨੇੜੇ ਬਾਹਮਣੀਆਂ ਟੋਲ ਪਲਾਜ਼ਾ ਦੀ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ ਤਾਂ ਉਸ ’ਚ ਕੈਂਟਰ ਕਰੀਬ 11 ਵਜੇ ਆਜ਼ਾਦ ਸਿੰਘ ਇਕੱਲੇ ਚਲਾਉਂਦਾ ਹੋਇਆ ਵਿਖਾਈ ਦਿੱਤਾ।

ਡਰਾਈਵਰ ਅਤੇ ਗੱਡੀ ਦੀ ਭਾਲ ਕਰਦੇ ਹੋਏ ਪਰਿਵਾਰਕ ਮੈਂਬਰ ਨਕੋਦਰ ਪਹੁੰਚੇ, ਜਿੱਥੇ ਜਲੰਧਰ-ਮੋਗਾ ਮੇਨ ਹਾਈਵੇਅ ਨੇੜੇ ਖੇਤਾਂ ’ਚ ਇਕ ਅੱਧ-ਸੜੀ ਲਾਸ਼ ਮਿਲਣ ਦੀ ਸੂਚਨਾ ਮਿਲੀ। ਮੌਕੇ ’ਤੇ ਪਹੁੰਚ ਕੇ ਪ੍ਰਵੀਨ ਕੁਮਾਰ ਦੀ ਲਾਸ਼ ਦੀ ਸ਼ਨਾਖਤ ਕੀਤੀ ਗਈ। ਲਾਸ਼ ਦੀ ਹਾਲਤ ਬਹੁਤ ਹੀ ਭਿਆਨਕ ਸੀ। ਸਿਰ ’ਤੇ ਗਹਿਰੀਆਂ ਸੱਟਾਂ ਦੇ ਨਿਸ਼ਾਨ ਸਨ, ਸਰੀਰ ਦਾ ਹੇਠਲਾ ਹਿੱਸਾ ਪੂਰੀ ਤਰ੍ਹਾਂ ਸੜਿਆ ਹੋਇਆ ਸੀ ਅਤੇ ਇਕ ਲੱਤ ਗਾਇਬ ਸੀ। ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਹੈ ਕਿ ਆਜ਼ਾਦ ਸਿੰਘ ਨੇ ਪ੍ਰਵੀਨ ਕੁਮਾਰ ਦਾ ਕਤਲ ਕਰਕੇ ਲਾਸ਼ ਨੂੰ ਅੱਗ ਲਾ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਤੇ 9 ਲੱਖ ਰੁਪਏ ਸਮੇਤ ਕੈਂਟਰ ਲੈ ਕੇ ਫਰਾਰ ਹੋ ਗਿਆ।

ਸਿਟੀ ਥਾਣਾ ਮੁਖੀ ਸਬ ਇੰਸਪੈਕਟਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਚੰਦਰਪਾਲ ਪੁੱਤਰ ਚਮਨ ਲਾਲ ਵਾਸੀ ਬਸੰਤ ਨਗਰ ਅਬੋਹਰ ਦੇ ਬਿਆਨਾ ’ਤੇ ਥਾਣਾ ਸਿਟੀ ਨਕੋਦਰ ਵਿਖੇ ਆਜ਼ਾਦ ਸਿੰਘ ਪੁੱਤਰ ਕਾਰਜ ਸਿੰਘ ਵਾਸੀ ਬੱਲੂਆਣਾ ਕਾਲੋਨੀ ਅਬੋਹਰ ਖ਼ਿਲ਼ਾਫ ਮਾਮਲਾ ਦਰਜ ਕਰਕੇ ਫਰਾਰ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *