ਵੱਡੀ ਵਾਰਦਾਤ : ਹਸਪਤਾਲ ‘ਚ ਚੱਲ਼ੀਆਂ ਅੰਨ੍ਹੇਵਾਹ ਗੋਲੀਆਂ, ਕੈਦੀ ਨੂੰ ਬਣਾਇਆ ਨਿਸ਼ਾਨਾ, ਮੱਚੀ ਹਫ਼ੜਾ-ਦਫ਼ੜੀ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਣੇ ਕਈ ਰਾਜਾਂ ਵਿਚ ਗੋਲੀਆਂ ਮਾਰ ਕੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਦੀਆਂ ਵਾਰਦਾਤਾਂ ਵਿਚ ਅੱਜ ਕੱਲ ਬਹੁਤ ਵਾਧਾ ਹੋ ਰਿਹਾ ਹੈ। ਹਮਲਾਵਰ ਸ਼ਰੇਆਮ ਕਿਸੇ ਵੀ ਸਮੇਂ ਕਿਸੇ ਦਾ ਵੀ ਕਤਲ ਕਰ ਦਿੰਦੇ ਹਨ ਅਤੇ ਪੁਲਸ ਹੱਥ ‘ਤੇ ਹੱਥ ਧਰ ਕੇ ਬੈਠੀ ਰਹਿੰਦੀ ਹੈ। ਅਜਿਹਾ ਹੀ ਕੁਝ ਬਿਹਾਰ ਦੀ ਰਾਜਧਾਨੀ ਪਟਨਾ ਵਿਚ ਅੱਜ ਦੇਖਣ ਨੂੰ ਮਿਲਿਆ ਹੈ। ਵੀਰਵਾਰ ਸਵੇਰੇ ਪਟਨਾ ਦੇ ਪਾਰਸ ਹਸਪਤਾਲ ਵਿੱਚ ਗੋਲੀਆਂ ਚੱਲ਼ਣ ਦੀ ਸੂਚਨਾ ਮਿਲੀ ਹੈ, ਜਿਸ ਦੌਰਾਨ ਇੱਕ ਵਿਅਕਤੀ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ। ਇਸ ਘਟਨਾ ਨਾਲ ਪੂਰੇ ਹਸਪਤਾਲ ਕੰਪਲੈਕਸ ਵਿੱਚ ਦਹਿਸ਼ਤ ਫੈਲ ਗਈ।

ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਪੀੜਤ ਵਿਅਕਤੀ ਬੇਉਰ ਜੇਲ੍ਹ ਤੋਂ ਇਲਾਜ ਲਈ ਹਸਪਤਾਲ ਆਇਆ ਹੋਇਆ ਸੀ। ਪਟਨਾ ਵਿੱਚ ਵਾਪਰੀ ਇਕ ਘਟਨਾ ਕਾਰਨ ਕਾਨੂੰਨ ਵਿਵਸਥਾ ‘ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਹਨ। ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਵਿਅਕਤੀ ਦੀ ਪਛਾਣ ਚੰਦਨ ਮਿਸ਼ਰਾ ਵਜੋਂ ਹੋਈ ਹੈ, ਜੋ ਬਕਸਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਚੰਦਨ ਮਿਸ਼ਰਾ ਇਸ ਸਮੇਂ ਇੱਕ ਕਤਲ ਕੇਸ ਵਿੱਚ ਬੇਉਰ ਜੇਲ੍ਹ ਵਿੱਚ ਬੰਦ ਸੀ ਅਤੇ ਸਿਹਤ ਖ਼ਰਾਬ ਹੋਣ ਕਾਰਨ ਇਲਾਜ ਲਈ ਪਾਰਸ ਹਸਪਤਾਲ ਆਇਆ ਸੀ।

ਮਿਲੀ ਜਾਣਕਾਰੀ ਅਨੁਸਾਰ ਘਟਨਾ ਦੇ ਸਮੇਂ ਚੰਦਨ ਮਿਸ਼ਰਾ ਹਸਪਤਾਲ ਦੇ ਕਮਰਾ ਨੰਬਰ 209 ਵਿੱਚ ਇਲਾਜ ਅਧੀਨ ਸੀ ਜਿੱਥੇ ਹਮਲਾਵਰਾਂ ਨੇ ਉਸਨੂੰ ਨਿਸ਼ਾਨਾ ਬਣਾਇਆ। ਚਸ਼ਮਦੀਦਾਂ ਦੇ ਅਨੁਸਾਰ ਪੰਜ ਅਪਰਾਧੀ ਚੰਦਨ ਮਿਸ਼ਰਾ ਨੂੰ ਗੋਲੀ ਮਾਰਨ ਲਈ ਹਸਪਤਾਲ ਵਿੱਚ ਦਾਖਲ ਹੋਏ ਸਨ ਅਤੇ ਉਨ੍ਹਾਂ ਸਾਰਿਆਂ ਕੋਲ ਪਿਸਤੌਲ ਸਨ। ਅਪਰਾਧ ਕਰਨ ਤੋਂ ਬਾਅਦ ਸਾਰੇ ਅਪਰਾਧੀ ਮੌਕੇ ਤੋਂ ਫ਼ਰਾਰ ਹੋ ਗਏ। ਇਸ ਘਟਨਾ ਨਾਲ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।

ਪੁਲਿਸ ਸੂਤਰਾਂ ਅਨੁਸਾਰ ਚੰਦਨ ਮਿਸ਼ਰਾ ਦਾ ਅਪਰਾਧਿਕ ਇਤਿਹਾਸ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪਹਿਲਾਂ ਅਪਰਾਧੀ ਸੀ ਪਰ ਕੁਝ ਸਮੇਂ ਤੋਂ ਉਹ ਬਿਲਡਰ ਵਜੋਂ ਕੰਮ ਕਰ ਰਿਹਾ ਸੀ। ਇਸ ਘਟਨਾ ਨੇ ਇੱਕ ਵਾਰ ਫਿਰ ਰਾਜਧਾਨੀ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਅਪਰਾਧੀਆਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ। ਹਮਲਾਵਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਹਸਪਤਾਲ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *