ਵੱਡੀ ਵਾਰਦਾਤ: ਹੁਸ਼ਿਆਰਪੁਰ ਦੇ ਭਰੇ ਬਾਜ਼ਾਰ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਫਾਇਰਿੰਗ ‘ਚ ਦੋ ਰਾਹਗੀਰ ਜ਼ਖ਼ਮੀ

ਗੁਰਪ੍ਰੀਤ ਸਿੰਘ :- ਪੰਜਾਬ ਦੇ ਹੁਸ਼ਿਆਰਪੁਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਦੋ ਰਾਹਗੀਰਾਂ ਨੂੰ ਗੋਲ਼ੀ ਲੱਗਣ ਦੀ ਸੂਚਨਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਦਸੂਹਾ ਵਿੱਚ ਵਾਪਰੀ, ਜਿੱਥੇ ਸ਼ੁੱਕਰਵਾਰ ਦੁਪਹਿਰ ਕਰੀਬ 12 ਵਜੇ ਪੁਲਿਸ ਬਦਮਾਸ਼ਾਂ ਦਾ ਪਿੱਛਾ ਕਰ ਰਹੀ ਸੀ।

ਮਿਲੀ ਜਾਣਕਾਰੀ ਮੁਤਾਬਕ ਚੋਰ-ਸਿਪਾਹੀ ਦੀ ਇਸ ਭੱਜ-ਦੌੜ ਦੌਰਾਨ ਫਾਇਰਿੰਗ ਹੋਈ। ਦੱਸਿਆ ਜਾ ਰਿਹਾ ਹੈ ਕਿ ਇਸ ਗੋਲ਼ੀਬਾਰੀ ਵਿੱਚ ਬਾਜ਼ਾਰ ‘ਚ ਕੰਮ-ਕਾਜ ਲਈ ਨਿਕਲੇ ਆਮ ਲੋਕਾਂ ਵਿੱਚੋਂ ਦੋ ਵਿਅਕਤੀ ਜ਼ਖ਼ਮੀ ਹੋ ਗਏ। ਮੁਲਜ਼ਮਾਂ ਨੇ ਭੀੜ ਦਾ ਫ਼ਾਇਦਾ ਉਠਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲ ਰਹੀ। ਘਟਨਾ ਦੀ ਸੀ.ਸੀ.ਟੀ.ਵੀ. (CCTV) ਫੁਟੇਜ ਵੀ ਵਾਇਰਲ ਹੋਈ ਹੈ, ਜਿਸ ਵਿੱਚ ਪੁਲਿਸ ਬਦਮਾਸ਼ਾਂ ਨੂੰ ਘੇਰਦੀ ਅਤੇ ਫਾਇਰਿੰਗ ਕਰਦੀ ਦਿਖਾਈ ਦੇ ਰਹੀ ਹੈ।

CIA ਸਟਾਫ਼ ਕਰ ਰਹੀ ਸੀ ਕਾਰਵਾਈ

ਸੂਤਰਾਂ ਮੁਤਾਬਕ, ਹੁਸ਼ਿਆਰਪੁਰ ਸੀ.ਆਈ.ਏ. (CIA) ਸਟਾਫ਼ ਦੀ ਟੀਮ ਕਿਸੇ ਲੋੜੀਂਦੇ ਅਪਰਾਧੀ ਦਾ ਪਿੱਛਾ ਕਰ ਰਹੀ ਸੀ। ਇਸੇ ਦੌਰਾਨ ਦਸੂਹਾ ਵਿੱਚ ਫਾਇਰਿੰਗ ਹੋ ਗਈ। ਮੁੱਢਲੀ ਜਾਣਕਾਰੀ ਵਿੱਚ ਸਾਹਮਣੇ ਆਇਆ ਹੈ ਕਿ ਗੋਲ਼ੀ ਦੋ ਆਮ ਨਾਗਰਿਕਾਂ ਨੂੰ ਲੱਗੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਬਾਰੇ ਪੁਲਿਸ ਵੱਲੋਂ ਅਜੇ ਤੱਕ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ ਹੈ।

ਅਧਿਕਾਰੀ ਜਲਦ ਸਾਂਝੀ ਕਰਨਗੇ ਜਾਣਕਾਰੀ

ਆਮ ਨਾਗਰਿਕਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਪੁਲਿਸ ਮਹਿਕਮੇ ਵਿੱਚ ਹਲਚਲ ਮਚੀ ਹੋਈ ਹੈ। ਹਾਲਾਂਕਿ, ਪੁਲਿਸ ਵੱਲੋਂ ਅਜੇ ਤੱਕ ਘਟਨਾ, ਫਾਇਰਿੰਗ ਅਤੇ ਜ਼ਖ਼ਮੀਆਂ ਦੇ ਸਬੰਧ ਵਿੱਚ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ, ਪਰ ਜਲਦ ਹੀ ਸੀਨੀਅਰ ਅਧਿਕਾਰੀ ਇਸ ਸਬੰਧੀ ਜਾਣਕਾਰੀ ਸਾਂਝੀ ਕਰਨਗੇ।

By Gurpreet Singh

Leave a Reply

Your email address will not be published. Required fields are marked *