ਮਲੋਟ ਰੈਲੀ ਵਿਚ ਅਨੁਸ਼ਾਸ਼ਨ ਭੰਗ ਮਾਮਲਾ: ਕਾਂਗਰਸ ਨੇ ਤਿੰਨ ਆਗੂਆਂ ਵਿਰੁੱਧ ਸ਼ੁਰੂ ਕੀਤੀ ਕਾਰਵਾਈ, ਨੋਟਿਸ ਜਾਰੀ

ਨੈਸ਼ਨਲ ਟਾਈਮਜ਼ ਬਿਊਰੋ :-ਆਲ ਇੰਡੀਆ ਕਾਂਗਰਸ ਵੱਲੋਂ ਕਰਾਏ ਜਾ ਰਹੇ ਸੰਵਿਧਾਨ ਬਚਾਓ ਪ੍ਰੋਗਰਾਮਾਂ ਤਹਿਤ ਮਲੋਟ ਵਿਖੇ ਜ਼ਿਲਾ ਪੱਧਰੀ ਰੈਲੀ ਵਿਚ ਅਨੁਸ਼ਾਸ਼ਨ ਭੰਗ ਕਰਨ ਦੇ ਮਾਮਲੇ ’ਤੇ ਕਾਂਗਰਸ ਵੱਲੋਂ ਤਿੰਨ ਆਗੂਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਜਿਥੇ ਜ਼ਿਲਾ ਕਾਂਗਰਸ ਵੱਲੋਂ ਦੋ ਆਗੂਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਉਥੇ ਇਕ ਵਿਰੁੱਧ ਕਾਰਵਾਈ ਲਈ ਪੰਜਾਬ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਲਿਖਿਆ ਗਿਆ ਹੈ। ਪਾਰਟੀ ਵੱਲੋਂ ਜਾਰੀ ਨੋਟਿਸਾਂ ਵਿਚ ਸਖਤ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਜਿਸ ਤੋਂ ਲੱਗਦਾ ਹੈ ਕਿ ਪਾਰਟੀ ਅਨੁਸ਼ਾਸ਼ਨ ਭੰਗ ਕਰਨ ਦੇ ਮਾਮਲੇ ਕਿਸੇ ਦਾ ਵਿਚ ਕੋਈ ਲਿਹਾਜ਼ ਨਹੀਂ ਕਰਨਾ ਚਾਹੁੰਦੀ। ਕਾਂਗਰਸ ਦੀ ਇਹ ਕਾਰਵਾਈ ਕੀ ਰੰਗ ਲੈਕੇ ਆਉਂਦੀ ਹੈ , ਇਹ ਦੇ ਨਤੀਜੇ ਅਗਲੇ ਦਿਨਾਂ ਵਿਚ ਸਾਹਮਣੇ ਆਉਣਗੇ।

ਇਸ ਸਬੰਧੀ ਜ਼ਿਲਾ ਕਾਂਗਰਸ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਅਤੇ ਬਲਾਕ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਵੱਲੋਂ ਅਸ਼ਵਨੀ ਖੇੜਾ ਐੱਮ. ਸੀ. ਅਤੇ ਉਸਦੇ ਭਰਾ ਜੁਗਰਾਜ ਖੇੜਾ ਨੂੰ ਜਾਰੀ ਵੱਖੋ-ਵੱਖ ਨੋਟਿਸਾਂ ਵਿਚ ਕਿਹਾ ਕਿ ਉਨ੍ਹਾਂ ਪਾਰਟੀ ਦੇ ਪ੍ਰੋਗਰਾਮ ਵਿਚ ਕਾਂਗਰਸ ਦੇ ਅਦੇਸ਼ਾਂ ਦੀ ਹੁਕਮ ਅਦੂਲੀ ਕੀਤੀ ਅਤੇ ਖੁਦ ਅਤੇ ਪਰਿਵਾਰਕ ਮੈਂਬਰਾਂ ਨੇ ਸਟੇਜ ’ਤੇ ਚੜ ਕੇ ਹੁੱਲੜਬਾਜ਼ੀ ਕੀਤੀ। ਜਿਸ ਸਬੰਧੀ ਮੀਡੀਆ ਨੇ ਸ਼ਰੇਆਮ ਵਿਖਾਇਆ ਹੈ, ਜਿਸ ਨਾਲ ਪਾਰਟੀ ਅਕਸ ਨੂੰ ਢਾਹ ਲੱਗੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਉਂ ਨਾ ਤੁਹਾਡੇ ਵਿਰੁੱਧ ਕਾਰਵਾਈ ਕੀਤੀ ਜਾਵੇ, ਇਸ ਲਈ ਨੋਟਿਸ ਭੇਜ ਕੇ 3 ਦਿਨਾਂ ਦੇ ਅੰਦਰ-ਅੰਦਰ ਜਵਾਬ ਮੰਗਿਆ ਜਾਂਦਾ ਹੈ।

ਇਸ ਤਰ੍ਹਾਂ ਹੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਨੂੰ ਪੱਤਰ ਭੇਜ ਕਿ ਜਸਪਾਲ ਸਿੰਘ ਔਲਖ ਐਡਵੋਕੇਟ ਵਿਰੁੱਧ ਵੀ 23 ਮਈ ਨੂੰ ਸਟੇਜ ਉਪਰ ਅਨੁਸ਼ਾਸ਼ਨ ਤੋੜਨ ਦੇ ਕਥਿਤ ਦੋਸ਼ ਲਾਕੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿਚ ਨੋਟਿਸ ਦੇ ਜਵਾਬ ਵਿਚ ਕਾਂਗਰਸ ਆਗੂ ਕੀ ਕਹਿੰਦੇ ਹਨ ਜਾਂ ਐਡਵੋਕੇਟ ਔਲਖ ਵਿਰੁੱਧ ਪੰਜਾਬ ਕਾਂਗਰਸ ਕੀ ਰੁਖ ਅਪਨਾਉਂਦੀ ਹੈ ਇਹ ਅਗਲੇ ਦਿਨਾਂ ਵਿਚ ਸਾਹਮਣੇ ਆਵੇਗਾ। ਪਰ ਇਕ ਗੱਲ ਸਾਫ਼ ਹੈ ਕਿ ਕਾਂਗਰਸ ਹੁਣ ਅਨੁਸ਼ਾਸ਼ਨਹੀਣਤਾ ਬਰਦਾਸ਼ਤ ਕਰਨ ਦੇ ਰੌਂਅ ਵਿਚ ਨਹੀਂ।

By Gurpreet Singh

Leave a Reply

Your email address will not be published. Required fields are marked *