ਨੈਸ਼ਨਲ ਟਾਈਮਜ਼ ਬਿਊਰੋ :- ਲੁਧਿਆਣਾ ਦੇ ਆਰਤੀ ਚੌਕ ਵਿਚ ਬੀਤੇ ਦਿਨੀਂ ਇਕ ਬੋਰੇ ਵਿਚ ਕੁੜੀ ਦੀ ਲਾਸ਼ ਸੁੱਟੇ ਜਾਣ ਦੇ ਮਾਮਲੇ ਵਿਚ ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਪੁਲਸ ਨੇ ਅਜੇ ਤਕ ਇਸ ਬਾਰੇ ਕੋਈ ਸਪਸ਼ਟ ਜਾਣਕਾਰੀ ਸਾਂਝੀ ਨਹੀਂ ਕੀਤੀ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਅੱਜ ਇਸ ਬਾਰੇ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਕਤਲਕਾਂਡ ਬਾਰੇ ਵੱਡੇ ਖ਼ੁਲਾਸੇ ਕਰ ਸਕਦੇ ਹਨ।
ਇਸ ਮਾਮਲੇ ਵਿਚ ਮ੍ਰਿਤਕਾ ਦੀ ਪਛਾਣ ਵੀ ਕਰ ਲਈ ਗਈ ਹੈ। ਮ੍ਰਿਤਕਾ ਰੇਸ਼ਮਾ ਹੈ, ਜੋ ਸਰਕਿਟ ਹਾਊਸ ਨੇੜਲੇ ਇਲਾਕੇ ਦੀ ਰਹਿਣ ਵਾਲੀ ਸੀ। ਇੱਥੇ ਦੱਸ ਦਈਏ ਕਿ ਬੀਤੇ ਦਿਨੀਂ ਮੋਟਰਸਾਈਕਲ ਸਵਾਰ ਦੋ ਨੌਜਵਾਨ ਇਕ ਬੋਰੇ ਨੂੰ ਆਰਤੀ ਚੌਕ ਨੇੜੇ ਸੜਕ ਕਿਨਾਰੇ ਸੁੱਟ ਰਹੇ ਸਨ। ਇਸ ਦੌਰਾਨ ਜਦੋਂ ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਕਿਹਾ ਕਿ ਬੋਰੇ ਵਿਚ ਅੰਬ ਹਨ। ਜਦੋਂ ਬੋਰੇ ਵਿਚੋਂ ਬਦਬੂ ਆਈ ਤਾਂ ਉਨ੍ਹਾਂ ਕਿਹਾ ਕਿ ਇਸ ਵਿਚ ਕੁੱਤਾ ਹੈ। ਲੋਕਾਂ ਨੇ ਸ਼ੱਕ ਪੈਣ ‘ਤੇ ਪੁਲਸ ਨੂੰ ਇਸ ਦੀ ਸੂਚਨਾ ਵੀ ਦਿੱਤੀ, ਪਰ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਦੋਵੇਂ ਮੁਲਜ਼ਮ ਬੜੀ ਚਾਲਾਕੀ ਦੇ ਨਾਲ ਮੋਟਰਸਾਈਕਲ ਛੱਡ ਕੇ ਉੱਥੋਂ ਫ਼ਰਾਰ ਹੋ ਗਏ ਸਨ। ਜਦੋਂ ਪੁਲਸ ਨੇ ਆ ਕੇ ਬੋਰਾ ਖੋਲ੍ਹ ਕੇ ਵੇਖਿਆ ਤਾਂ ਵਿਚੋਂ ਇਕ ਕੁੜੀ ਦੀ ਲਾਸ਼ ਮਿਲੀ ਸੀ, ਜਿਸ ਨਾਲ ਪੂਰੇ ਇਲਾਕੇ ਵਿਚ ਸਨਸਨੀ ਫ਼ੈਲ ਗਈ ਸੀ।