ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਸਾਹਿਬ ’ਤੇ ਹਮਲੇ ਮਗਰੋਂ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ

ਨੈਸ਼ਨਲ ਟਾਈਮਜ਼ ਬਿਊਰੋ :- ਭਾਜਪਾ ਦੇ ਕੌਮੀ ਸਕੱਤਰ ਅਤੇ ਦਿੱਲੀ ਦੇ ਕੈਬਨਿਟ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨੀ ਫੌਜ ਵੱਲੋਂ ਪੁਣਛ ਵਿਚ ਗੁਰਦੁਆਰਾ ਸਿੰਘ ਸਭਾ ਸਿੰਡੀਕੇਟ ਮੁਹੱਲਾ ’ਤੇ ਹਮਲਾ ਕਰਨ ਦੀ ਜ਼ੋਦਾਰ ਨਿਖੇਧੀ ਕੀਤੀ ਹੈ ਜਿਸ ਵਿਚ ਇਸਦੇ ਰਾਗੀ ਸਿੰਘ ਭਾਈ ਅਮਰੀਕ ਸਿੰਘ ਤੇ ਭਾਈ ਅਮਰਜੀਤ ਸਿੰਘ ਤੇ ਭਾਈ ਰਣਜੀਤ ਸਿੰਘ ਸਮੇਤ ਸਿੱਖ ਕੌਮ ਦੇ ਹੋਰ ਮੈਂਬਰ ਸ਼ਹੀਦ ਹੋਏ ਹਨ ਅਤੇ ਉਹਨਾਂ ਕਿਹਾ ਹੈ ਕਿ ਇਸ ਹਮਲੇ ਤੋਂ ਪਾਕਿਸਤਾਨੀ ਫੌਜ ਦੀ ਕਾਇਰਾਨਾ ਹਰਕਤ ਸਪਸ਼ਟ ਹੋ ਗਈ ਹੈ।
 ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਨਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਹੈ ਅਤੇ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਦੁਆਇਆ ਹੈ। ਉਹਨਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਜਿਹਨਾਂ ਦੀ ਮੌਤ ਹੋਈ ਹੈ, ਉਹ ਆਪਣੀਆਂ ਦੁਕਾਨਾਂ ਤੇ ਘਰਾਂ ਵਿਚ ਬੈਠੇ ਸਨ। ਉਹਨਾਂ ਕਿਹਾ ਕਿ ਇਹ ਪਰਿਵਾਰ ਚੜ੍ਹਦੀਕਲਾ ਵਿਚ ਹਨ ਅਤੇ ਉਹਨਾਂ ਨੂੰ ਭਾਰਤ ਸਰਕਾਰ ’ਤੇ ਪੂਰਨ ਭਰੋਸਾ ਹੈ ਕਿ ਉਹ ਗੁਰਦੁਆਰਾ ਸਾਹਿਬ ’ਤੇ ਹੋਏ ਹਮਲੇ ਦਾ ਬਦਲਾ ਜ਼ਰੂਰ ਲਵੇਗੀ। 

ਉਹਨਾਂ ਕਿਹਾ ਕਿ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਰਾਗੀ ਭਾਈ ਅਮਰੀਕ ਸਿੰਘ ਦੇ ਦਿਹਾਂਤ ’ਤੇ ਡੂੰਘਾ ਦੁੱਖ ਪੁੱਜਾ ਹੈ। ਇਸ ਹਮਲੇ ਵਿਚ ਭਾਈ ਅਮਰਜੀਤ ਸਿੰਘ ਤੇ ਭਾਈ ਰਣਜੀਤ ਸਿੰਘ ਦੀ ਵੀ ਜਾਨ ਗਈ ਹੈ। ਉਹਨਾਂ ਕਿਹਾ ਕਿ ਇਹ ਨਾ ਸਿਰਫ ਪਰਿਵਾਰਾਂ ਅਤੇ ਸੰਗਤ ਦਾ ਨੁਕਸਾਨ ਹੈ ਬਲਕਿ ਇਹ ਸਾਡੀ ਕੌਮ ਤੇ ਮਨੁੱਖਤਾ ’ਤੇ ਹਮਲਾ ਹੈ। ਉਹਨਾਂ ਕਿਹਾ ਕਿ ਇਹਨਾਂ ਦੀ ਸ਼ਹਾਦਤ ਕਦੇ ਵੀ ਅਜਾਈਂ ਨਹੀਂ ਜਾਵੇਗੀ। ਦੇਸ਼ ਇਹਨਾਂ ਦੇ ਨਾਲ ਖੜ੍ਹਾ ਹੈ ਤੇ ਇਹਨਾਂ ਦਾ ਠੋਕਵਾਂ ਜਵਾਬ ਦਿੱਤਾ ਜਾਵੇਗਾ। ਉਹਨਾਂ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।

By Gurpreet Singh

Leave a Reply

Your email address will not be published. Required fields are marked *