ਨੈਸ਼ਨਲ ਟਾਈਮਜ਼ ਬਿਊਰੋ :- ਫਾਜ਼ਿਲਕਾ ਜ਼ਿਲ੍ਹੇ ਵਿੱਚ ਮਨਰੇਗਾ ਮਜ਼ਦੂਰਾਂ ਨੇ ਕੰਮ ਦੀ ਮੰਗ ਨੂੰ ਲੈ ਕੇ ਸੀਪੀਆਈ ਦੀ ਅਗਵਾਈ ਹੇਠ ਫਾਜ਼ਿਲਕਾ-ਫ਼ਿਰੋਜ਼ਪੁਰ ਨੈਸ਼ਨਲ ਹਾਈਵੇ ‘ਤੇ ਬਣੇ ਫਲਾਈਓਵਰ ‘ਤੇ ਧਰਨਾ ਲਾ ਕੇ ਰੋਸ ਪ੍ਰਗਟਾਇਆ। ਇਸ ਕਾਰਨ ਹਾਈਵੇ ‘ਤੇ ਆਵਾਜਾਈ ਪ੍ਰਭਾਵਿਤ ਹੋਈ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਮਨਰੇਗਾ ਤਹਿਤ ਕੰਮ ਨਹੀਂ ਦਿੱਤਾ ਜਾ ਰਿਹਾ ਅਤੇ ਲਗਾਤਾਰ ਮੰਗਾਂ ਕਰਨ ਬਾਵਜੂਦ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ।
ਮਜ਼ਦੂਰਾਂ ਦਾ ਆਰੋਪ ਹੈ ਕਿ ਜੋ ਲੋਕ ਯੋਗ ਹਨ, ਉਨ੍ਹਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ, ਜਦਕਿ ਗ਼ੈਰ-ਯੋਗ ਲੋਕਾਂ ਨੂੰ ਲਾਭ ਮਿਲ ਰਿਹਾ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜਦ ਤਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਤਦ ਤਕ ਹਾਈਵੇ ਜਾਮ ਰਹੇਗਾ। ਕਾਮਰੇਡ ਸੁਬੇਗ ਸਿੰਘ ਅਤੇ ਸੰਦੀਪ ਜੋਧਾ ਨੇ ਦੱਸਿਆ ਕਿ ਮਨਰੇਗਾ ਮਜ਼ਦੂਰ ਯੂਨੀਅਨ ਵੱਲੋਂ 11 ਪਿੰਡਾਂ ਵਿੱਚ ਕੰਮ ਦੀ ਮੰਗ ਕੀਤੀ ਗਈ ਸੀ। 21 ਅਪ੍ਰੈਲ ਨੂੰ ਵੀ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਉੱਤੇ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ ਸੀ ਪਰ ਕਾਰਵਾਈ ਨਾ ਹੋਣ ਕਰਕੇ ਦੁਬਾਰਾ ਹਾਈਵੇਅ ਜਾਮ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਬੱਕੂਸ਼ਾਹ, ਕਰਣੀਖੇੜਾ, ਨਵਾ ਮੌਜਮ ਅਤੇ ਹੰਸਤਕਲਾਂ ਸਮੇਤ ਕੁਝ ਪਿੰਡਾਂ ਵਿੱਚ ਕੰਮ ਤਾਂ ਦਿੱਤਾ ਗਿਆ ਪਰ ਨਾ ਤਾਂ ਮੈਟ ਨਿਯੁਕਤ ਕੀਤਾ ਗਿਆ ਅਤੇ ਨਾ ਹੀ ਢੰਗ ਨਾਲ ਹਾਜ਼ਰੀ ਲਗਾਈ ਗਈ। ਹੰਸਤਕਲਾਂ ਵਿੱਚ 347 ਲੋਕਾਂ ਦਾ ਕੰਮ ਰਜਿਸਟਰ ਕੀਤਾ ਗਿਆ ਪਰ ਪੰਚਾਇਤ ਦੇ ਕੰਮ ਦੀ ਥਾਂ ਹੋਰ ਲੋਕਾਂ ਨੂੰ ਕੰਮ ਦਿੱਤਾ ਗਿਆ। ਜੱਟਵਾਲੀ ਪਿੰਡ ‘ਚ ਹਾਜ਼ਰੀ ਵੀ ਨਹੀਂ ਲਗਾਈ ਗਈ। ਦੂਜੇ ਪਾਸੇ, ਪੁਲਿਸ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਹਾਈਵੇ ਉੱਤੇ ਵਧੇਰੇ ਆਵਾਜਾਈ ਹੋਣ ਕਰਕੇ ਰੂਟ ਨੂੰ ਡਾਇਵਰਟ ਕੀਤਾ ਗਿਆ ਹੈ ਅਤੇ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।
