ਨੈਸ਼ਨਲ ਟਾਈਮਜ਼ ਬਿਊਰੋ :- ਲੁਧਿਆਣਾ ਦੇ ਭਾਰਤ ਨਗਰ ਚੌਕ ਦੇ ਨਜ਼ਦੀਕ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਘਰ ਵਿੱਚ ਸ਼ਾਰਟ ਸਰਕਟ ਹੋਣ ਨਾਲ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਪੂਰੇ ਘਰ ਦੇ ਵਿੱਚ ਧੂੰਆਂ ਹੀ ਧੂੰਆਂ ਫੈਲ ਗਿਆ ਅਤੇ ਮੌਕੇ ਉਤੇ ਪਹੁੰਚ ਕੇ ਫਾਇਰ ਬ੍ਰਿਗੇਡ ਵੱਲੋਂ ਅੱਗ ਉਤੇ ਕਾਬੂ ਪਾਉਣਾ ਸ਼ੁਰੂ ਕੀਤਾ ਗਿਆ ਅਤੇ ਜੋ ਘਰ ਦੇ ਮੈਂਬਰ ਅੰਦਰ ਸਨ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ। ਅੱਗ ਲੱਗਣ ਕਾਰਨ ਹਫੜਾ ਦਫੜੀ ਮਚ ਗਈ।
ਮਿਲੀ ਜਾਣਕਾਰੀ ਅਨੁਸਾਰ ਘਰ ਵਿੱਚ ਉੱਨ ਦਾ ਗੋਦਾਮ ਵੀ ਬਣਾਇਆ ਹੋਇਆ ਸੀ। ਜਿੱਥੇ ਕਿ ਸ਼ਾਰਟ ਸਰਕਟ ਨਾਲ ਅੱਗ ਲੱਗੀ ਅਤੇ ਅੱਗ ਸਾਰੇ ਹੀ ਘਰ ਵਿੱਚ ਫੈਲ ਗਈ ਜਿਸ ਨਾਲ ਘਰ ਵਿੱਚ ਧੂੰਆਂ ਹੀ ਧੂੰਆਂ ਹੋ ਗਿਆ ਅਤੇ ਘਰ ਅੰਦਰ ਰਹਿਣ ਵਾਲਿਆਂ ਨੇ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਇਲਾਕਾ ਕੌਂਸਲਰ ਤੋਂ ਮਿਲੀ ਜਾਣਕਾਰੀ ਅਨੁਸਾਰ ਘਰ ਵਿੱਚ ਬਜ਼ੁਰਗ ਔਰਤ ਅਤੇ ਉਸਦਾ ਪੋਤਾ ਇੱਕ ਅਲੱਗ ਕਮਰੇ ਸਨ ਪਰ ਜਿਸ ਸਮੇਂ ਤੱਕ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਸੀ ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਵਿੱਚ ਭੇਜਿਆ ਗਿਆ ਹੈ।
ਫਾਇਰ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਅੱਗ ਲੱਗਣ ਦੀ ਘਟਨਾ ਦਾ ਪਤਾ ਚੱਲਿਆ ਸੀ। ਉਸ ਤੋਂ ਤੁਰੰਤ ਬਾਅਦ ਉਹ ਮੌਕੇ ਉਤੇ ਪਹੁੰਚੇ ਪਰ ਗਲੀਆਂ ਭੀੜੀਆਂ ਹੋਣ ਕਾਰਨ ਉਨ੍ਹਾਂ ਨੂੰ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਤੱਕ ਛੇ ਤੋਂ ਸੱਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਲੱਗ ਚੁੱਕੀਆਂ ਹਨ। ਫਿਲਹਾਲ ਅੱਗ ਉਤੇ ਕਾਬੂ ਪਾਇਆ ਜਾ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਵਿੱਚ ਇੱਕ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬਜ਼ੁਰਗ ਔਰਤ ਦੀ ਮੌਤ ਹੋਣ ਦੀ ਖਬਰ ਹੈ। ਜਿਸ ਦੀ ਪੁਸ਼ਟੀ ਥਾਣਾ ਡਿਵੀਜ਼ਨ ਨੰਬਰ ਪੰਜ ਦੇ ਐਸਐਚਓ ਵੱਲੋਂ ਕੀਤੀ ਗਈ ਹੈ।
