ਨੈਸ਼ਨਲ ਟਾਈਮਜ਼ ਬਿਊਰੋ :- ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਦਰਮਿਆਨ ਅਹਿਮ ਮੀਟਿੰਗ ਹੋਈ ਹੈ। ਹਾਲਾਂਕਿ ਪਾਰਟੀ ਦੇ ਆਗੂਆਂ ਦਾ ਆਪਸ ਵਿਚ ਮਿਲਣਾ ਸੁਭਾਵਿਕ ਹੁੰਦਾ ਹੈ ਪਰ ਇਸ ਮੀਟਿੰਗ ਨੂੰ ਸਿਆਸੀ ਹਲਕਿਆਂ ਵਿਚ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਬੀਤੇ ਦਿਨ ਮਲਵਿੰਦਰ ਸਿੰਘ ਕੰਗ ਨੇ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸਾਨਾਂ ਨਾਲ ਵਿਚਾਰ ਚਰਚਾ ਕਰਨ ਦੀ ਸਲਾਹ ਦਿੱਤੀ ਸੀ। ਕੰਗ ਦੇ ਐਕਸ ਅਤੇ ਫੇਸਬੁੱਕ ’ਤੇ ਸਾਂਝੀ ਕੀਤੀ ਗਈ ਪੋਸਟ ਨਾਲ ਸਿਆਸੀ ਹਲਕਿਆਂ ਵਿਚ ਭੂਚਾਲ ਆ ਗਿਆ ਅਤੇ ਇਸ ਨਾਲ ‘ਆਪ’ ਲੀਡਰਸ਼ਿਪ ਖਾਸ ਕਰਕੇ ਪੰਜਾਬ ਸਰਕਾਰ ਦੀ ਕਾਫ਼ੀ ਕਿਰਕਿਰੀ ਹੋਈ ਸੀ।
ਹਾਲਾਂਕਿ ਕੁਝ ਘੰਟਿਆਂ ਬਾਅਦ ਐਕਸ ਤੋਂ ਮਲਵਿੰਦਰ ਕੰਗ ਦਾ ਟਵੀਟ (ਪੋਸਟ) ਡਲੀਟ ਕਰ ਦਿੱਤਾ ਗਿਆ ਪਰ ਫੇਸਬੁੱਕ ’ਤੇ ਪੋਸਟ ਜਿਉਂ ਦੀ ਤਿਉਂ ਬਰਕਰਾਰ ਹੈ। ਦੋਵਾਂ ਆਗੂਆਂ ਦਰਮਿਆਨ ਹੋਈ ਮੀਟਿੰਗ ਦੇ ਪੂਰੇ ਵੇਰਵੇ ਨਹੀਂ ਮਿਲ ਸਕੇ ਪਰ ਮਲਵਿੰਦਰ ਸਿੰਘ ਕੰਗ ਨੇ ਮਨੀਸ਼ ਸਿਸੋਦੀਆ ਨਾਲ ਮੀਟਿੰਗ ਹੋਣ ਦੀ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨਾਲ ਮੀਟਿੰਗ ਹੋਈ ਹੈ, ਪੰਜਾਬ ਦੇ ਮਸਲਿਆਂ ’ਤੇ ਸਾਰਥਕ ਚਰਚਾ ਹੋਈ ਹੈ। ਸੁਭਾਵਿਕ ਹੈ ਕਿ ਮੀਟਿੰਗ ਵਿਚ ਕੰਗ ਵੱਲੋਂ ਕਿਸਾਨਾਂ ਦੇ ਹੱਕ ਵਿਚ ਖੜ੍ਹੇ ਹੋਣ ਜਾਂ ਪੋਸਟ ਪਾਉਣ ਨੂੰ ਲੈ ਕੇ ਚਰਚਾ ਜ਼ਰੂਰ ਹੋਈ ਹੈ। ਮਲਵਿੰਦਰ ਸਿੰਘ ਕੰਗ ਵਿਦਿਆਰਥੀ ਨੇਤਾ ਹਨ, ਅਤੇ ਉਹ ਪਹਿਲਾਂ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸਨ। ਭਾਰਤ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਉਹਨਾਂ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ ਸੀ।
ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਦੇਸ਼ ਵਿਚ ਖਾਸ ਕਰਕੇ ਪੰਜਾਬ ਵਿਚ ਵੱਡੇ ਪੱਧਰ ’ਤੇ ਭਾਜਪਾ ਤੇ ਅਕਾਲੀ ਆਗੂਆਂ ਦਾ ਵਿਰੋਧ ਸ਼ੁਰੂ ਹੋ ਗਿਆ ਸੀ। ਹੁਣ ਪੰਜਾਬ ਵਿਚ ਮੁੜ ਅਜਿਹੀ ਨੌਬਤ ਆ ਗਈ ਹੈ ਕਿ ਪਿੰਡਾਂ ਵਿਚ ਆਪ ਆਗੂਆਂ, ਵਿਧਾਇਕਾਂ ਦੇ ਪਿੰਡਾਂ ਵਿਚ ਨਾ ਆਉਣ ਬਾਰੇ ਪੋਸਟਰ ਲੱਗਣੇ ਸ਼ੁਰੂ ਹੋ ਗਏ ਹਨ। ਕੰਗ ਖੁਦ ਕਿਸਾਨ ਪਰਿਵਾਰ ਨਾਲ ਸਬੰਧਤ ਹਨ। ਸੂਬੇ ਵਿਚ ਕਿਸਾਨ ਧਿਰਾਂ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰ ਰਹੀਆਂ ਹਨ। ਇਸ ਕਰਕੇ ਕੰਗ ਨੇ ਪਾਰਟੀ ਹਾਈ ਕਮਾਨ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਸਲਾਹ ਦਿੱਤੀ ਹੈ। ਪਾਰਟੀ ਕਿਸਾਨਾਂ ਨਾਲ ਗੱਲਬਾਤ ਕਰੇਗੀ ਜਾਂ ਨਹੀਂ, ਇਹ ਵੱਖਰਾ ਮੁੱਦਾ ਹੈ ਪਰ ਇਕ ਗੱਲ ਸਪੱਸ਼ਟ ਹੋ ਗਈ ਹੈ ਕਿ ਪਾਰਟੀ ਦੇ ਅੰਦਰ ਲੈਂਡ ਪੂਲਿੰਗ ਪਾਲਸੀ ਨੂੰ ਲੈ ਕੇ ਆਗੂ ਇੱਕਮੱਤ ਨਹੀਂ ਹਨ।