ਬਠਿੰਡਾ ਦੀਆਂ ਸੜਕਾਂ ਦਾ ਨਿਰੀਖਣ ਕਰਨ ਪਹੁੰਚੇ ਮੰਤਰੀ ਹਰਭਜਨ ਸਿੰਘ ਈਟੀਓ, ਕਿਹਾ- ਲੋਕਾਂ ਦੇ ਟੈਕਸ ਦਾ ਇੱਕ-ਇੱਕ ਪੈਸਾ ਪਾਰਦਰਸ਼ਤਾ ਨਾਲ ਖਰਚ ਰਹੇ ਹਾਂ

ਮਾਈਸਰਖਾਨਾ (ਬਠਿੰਡਾ), 23 ਅਗਸਤ (ਗੁਰਪ੍ਰੀਤ ਸਿੰਘ) : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸੂਬੇ ਵਿੱਚ 45 ਹਜ਼ਾਰ ਕਿਲੋਮੀਟਰ ਸੜਕਾਂ ਦਾ ਨਿਰਮਾਣ ਅਤੇ ਨਵੀਨੀਕਰਨ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਵਿੱਚ ਲਿੰਕ ਸੜਕਾਂ ਦੀ ਅਪਗ੍ਰੇਡਸ਼ਨ ਦਾ ਕੰਮ ਵੀ ਸ਼ੁਰੂ ਕੀਤਾ ਹੋਇਆ ਹੈ ਤਾਂ ਜੋ ਸੂਬੇ ਨੂੰ ਹੋਰ ਤਰੱਕੀ ਦੇ ਰਸਤੇ ਤੇ ਲਿਜਾਇਆ ਜਾ ਸਕੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਮੰਤਰੀ ਸ੍ਰੀ ਹਰਭਜਨ ਸਿੰਘ ਈਟੀਓ ਵੱਲੋਂ ਅੱਜ ਜ਼ਿਲ੍ਹਾ ਬਠਿੰਡਾ ਵਿਖੇ ਵੱਖ-ਵੱਖ ਸੜਕਾਂ ਦੇ ਕੀਤੇ ਗਏ ਅਤੇ ਚੱਲ ਰਹੇ ਨਿਰਮਾਣ ਦਾ ਨਿਰੀਖਣ ਕਰਨ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਮੌੜ ਸ੍ਰੀ ਸੁਖਵੀਰ ਸਿੰਘ ਮਾਈਸਰਖਾਨਾ, ਸ੍ਰੀ ਜਤਿੰਦਰ ਸਿੰਘ ਭੱਲਾ, ਚੇਅਰਮੈਨ ਇਮਪਰੂਵਮੈਂਟ ਟ੍ਰਸ੍ਟ ਅਤੇ ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰ੍ਰੀਜ਼ ਡਿਵੈਲਪਮੈਂਟ ਬੋਰਡ ਸ੍ਰੀ ਨੀਲ ਗਰਗ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਸੋਸ਼ਲ ਮੀਡੀਆ ਤੇ ਚਲ ਰਹੀ ਬਠਿੰਡਾ ਦੀ ਇੱਕ ਸੜਕ ਬਾਰੇ ਕੀਤੀ ਗਈ ਕਲ੍ਹ ਪ੍ਰੈੱਸ ਕਾਨਫਰੰਸ ਦੌਰਾਨ ਮੰਤਰੀ ਜੀ ਨੇ ਸਥਾਨਕ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਸ੍ਰੀ ਬਿਕਰਮ ਮਜੀਠੀਆ ਨੂੰ ਚੁਣੌਤੀ ਦਿੰਦਿਆਂ ਚੈਕਿੰਗ ਦੌਰਾਨ ਮੌਕੇ ਤੇ ਹਾਜ਼ਰ ਰਹਿਣ ਲਈ ਕਿਹਾ ਸੀ।ਅੱਜ ਮੰਤਰੀ ਜੀ ਨੇ ਮੌਕੇ ਤੇ ਸੜਕਾਂ ਦਾ ਮੁਆਇਨਾ ਕੀਤਾ ਪ੍ਰੰਤੂ ਉਹਨਾਂ ਵੱਲੋਂ ਕੋਈ ਹਾਜ਼ਰ ਨਹੀਂ ਹੋਇਆ।

ਕੈਬਿਨੇਟ ਮੰਤਰੀ ਸ਼੍ਰੀ ਹਰਭਜਨ ਸਿੰਘ ਈਟੀਓ ਨੇ ਮਾਈਸਰਖਾਨਾ ਤੋਂ ਤਿੱਤਰਸਰ ਸਾਹਿਬ ਸੜਕ ਦਾ ਮੁਆਇਨਾ ਕਰਨ ਉਪਰੰਤ ਸੜਕ ਦੇ ਕੰਮ ‘ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਲੋਕਾਂ ਦੇ ਟੈਕਸ ਦਾ ਇੱਕ-ਇੱਕ ਪੈਸਾ ਸਹੀ ਤਰੀਕੇ ਨਾਲ ਖਰਚ ਕੀਤਾ ਜਾ ਰਿਹਾ ਹੈ ਅਤੇ ਸੜਕਾਂ ਦਾ ਜੋ ਵੀ ਕੰਮ ਕੀਤਾ ਜਾ ਰਿਹਾ ਹੈ, ਉਹ ਪੂਰੀ ਮਜਬੂਤੀ ਅਤੇ ਪਾਰਦਰਸ਼ਤਾ ਨਾਲ ਕੀਤਾ ਜਾ ਰਿਹਾ ਹੈ।

ਪਿੰਡ ਕੋਟਭਾਰਾ ਤੋਂ ਪਿੰਡ ਰਾਮਗੜ੍ਹ ਭੂੰਦੜ ਲਈ ਬਣਾਈ ਗਈ ਨਵੀਂ ਸੜਕ ਦੀ ਕੈਬਿਨੇਟ ਮੰਤਰੀ ਸ੍ਰੀ ਹਰਭਜਨ ਸਿੰਘ ਈਟੀਓ ਵੱਲੋਂ ਚੈਕਿੰਗ ਕੀਤੀ ਗਈ ਅਤੇ ਮੌਕੇ ਤੇ ਸੜਕ ਦਾ ਨਮੂਨਾ ਕੁਆਲਿਟੀ ਕੰਟਰੋਲ ਕੇਂਦਰ ਪਟਿਆਲਾ ਵੱਲੋਂ ਲਿਆ ਗਿਆ। ਉਨ੍ਹਾਂ ਕਿਹਾ ਕਿ ਇਹ ਸੜਕ ਮਾਪਦੰਡਾਂ ਅਨੁਸਾਰ ਬਣਾਈ ਗਈ ਹੈ। ਜੇਕਰ ਫਿਰ ਵੀ ਸੜਕ ਦੇ ਕੰਮ ਵਿੱਚ ਕੋਈ ਊਣਤਾਈ ਪਾਈ ਜਾਂਦੀ ਹੈ ਤਾਂ ਸਬੰਧਤ ਠੇਕੇਦਾਰ ਖਿਲਾਫ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਉਹਨਾਂ ਪਿਛਲੇ ਦਿਨੀਂ ਇਸੇ ਸੜਕ ਦੀ ਹੱਥਾਂ ਨਾਲ ਟੁੱਟੇ ਜਾਣ ਸਬੰਧੀ ਵਾਇਰਲ ਹੋਈ ਵੀਡੀਓ ਨੂੰ ਫੇਕ ਕਰਾਰ ਦਿੰਦਿਆਂ ਕਿਹਾ ਕਿ ਵਿਰੋਧੀਆਂ ਕੋਲ ਕੋਈ ਮੁੱਦਾ ਹੀ ਨਹੀਂ ਰਿਹਾ ਹੈ, ਜਿਸ ਕਰਕੇ ਉਹਨਾਂ ਦੁਆਰਾ ਸੂਬਾ ਸਰਕਾਰ ਖ਼ਿਲਾਫ਼ ਅਜਿਹਾ ਗੁਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ। ਕੈਬਿਨੇਟ ਮੰਤਰੀ ਨੇ ਕਿਹਾ ਕਿ ਹੁਣ ਲੋਕ ਬਹੁਤ ਸਿਆਣੇ ਤੇ ਸਮਝਦਾਰ ਹੋ ਚੁੱਕੇ ਹਨ ਜਿਸ ਕਰਕੇ ਗਲਤ ਅਤੇ ਗੁੰਮਰਾਹਕੁੰਨ ਕੀਤੇ ਜਾ ਰਹੇ ਪ੍ਰਚਾਰ ਦੇ ਝਾਂਸੇ ਵਿੱਚ ਨਹੀਂ ਆਉਂਦੇ।

ਇਸ ਮੌਕੇ ਉਪ ਮੰਡਲ ਮੈਜਿਸਟਰੇਟ ਮੌੜ ਸ੍ਰੀ ਗੁਰਜਿੰਦਰ ਸਿੰਘ, ਮੁੱਖ ਇੰਜੀਨੀਅਰ ਅਨਿਲ ਗੁਪਤਾ, ਨਿਗਰਾਨ ਇੰਜੀਨੀਅਰ ਅਨੀਲ ਸ਼ਰਮਾ, ਕਾਰਜਕਾਰੀ ਇੰਜੀਨੀਅਰ ਓਂਕਾਰ ਸਿੰਘ ਅਤੇ ਲੋਕ ਨਿਰਮਾਣ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।

By Gurpreet Singh

Leave a Reply

Your email address will not be published. Required fields are marked *