ਕਿਸਾਨਾਂ ਨਾਲ ਮੁਲਾਕਾਤ ਮਗਰੋਂ ਬਾਹਰ ਆਏ ਮੰਤਰੀ, ਜਾਣੋ ਕੀ ਹੈ ਅਗਲੀ ਰਣਨੀਤੀ

ਚੰਡੀਗੜ੍ਹ- ਅੱਜ ਕਿਸਾਨ ਆਗੂਆਂ ਤੇ ਕੇਂਦਰੀ ਵਫ਼ਦ ਵਿਚਾਲੇ ਚੰਡੀਗੜ੍ਹ ਦੇ ਸੈਕਟਰ 26 ਸਥਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਵਿਖੇ ਹੋਈ ਮੀਟਿੰਗ ਸੁਖਾਵੇਂ ਮਾਹੌਲ ‘ਚ ਖ਼ਤਮ ਹੋ ਗਈ ਹੈ। 

ਇਸ ਮੁਲਾਕਾਤ ਮਗਰੋਂ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਰੀਬ 3 ਘੰਟੇ ਤੱਕ ਚੱਲੀ ਇਸ ਮੀਟਿੰਗ ‘ਚ ਉਨ੍ਹਾਂ ਨੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਕਿਸਾਨਾਂ ਪ੍ਰਤੀ ਸੋਚ ਤੋਂ ਜਾਣੂੰ ਕਰਵਾਇਆ ਤੇ ਕੇਂਦਰੀ ਬਜਟ ‘ਚ ਕਿਸਾਨਾਂ ਲਈ ਰੱਖੀ ਗਈ ਰਕਮ ਦੀ ਵੀ ਜਾਣਕਾਰੀ ਦਿੱਤੀ। 

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਿਸਾਨਾਂ ਦੀਆਂ ਮੰਗਾਂ ਵੀ ਸੁਣੀਆਂ ਹਨ ਤੇ ਹੁਣ ਅਗਲੀ ਮੀਟਿੰਗ ‘ਚ, ਜੋ ਕਿ 22 ਫਰਵਰੀ ਨੂੰ ਹੋਣੀ ਹੈ, ਉਸ ‘ਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸ਼ਮੂਲੀਅਤ ਕਰਨਗੇ, ਜੋ ਕਿ ਕਿਸਾਨਾਂ ਦੀਆਂ ਮੰਗਾਂ ਸੁਣਨਗੇ। 

ਇਸ ਮਗਰੋਂ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਲਾਲ ਚੰਦ ਕਟਾਰੂਚੱਕ ਨੇ ਵੀ ਦੱਸਿਆ ਕਿ ਕਿ ਇਹ ਮੁਲਾਕਾਤ ਬਹੁਤ ਸੁਖ਼ਾਵੇਂ ਮਾਹੌਲ ‘ਚ ਖ਼ਤਮ ਹੋਈ ਹੈ ਤੇ ਕਿਸਾਨਾਂ ‘ਚ ਮੁਲਾਕਾਤ ਦੌਰਾਨ ਕਾਫ਼ੀ ਸਕਾਰਾਤਮਕਤਾ ਦੇਖੀ ਗਈ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਕਿਸਾਨਾਂ ਦੇ ਲੰਬੇ ਸੰਘਰਸ਼ ਮਗਰੋਂ ਜਿੱਤ ਵੱਲ ਵਧਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਸਾਨ ਆਗੂ ਡੱਲੇਵਾਲ ਬਾਰੇ ਵੀ ਕਿਹਾ ਕਿ ਉਨ੍ਹਾਂ ਨੇ ਡੱਲੇਵਾਲ ਨੂੰ ਅਪੀਲ ਕੀਤੀ ਸੀ ਕਿ ਤੁਹਾਡੀ ਜ਼ਿੰਦਗੀ ਬਹੁਤ ਕੀਮਤੀ ਹੈ, ਇਸ ਲਈ ਤੁਸੀਂ ਇਹ ਮਰਨ ਵਰਤ ਖ਼ਤਮ ਕਰ ਦਿਓ, ਤਾਂ ਇਸ ‘ਤੇ ਡੱਲੇਵਾਲ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ ਤਾਂ ਉਹ ਆਪਣਾ ਵਰਤ ਖ਼ਤਮ ਕਰ ਦੇਣਗੇ। 

By nishuthapar1

Leave a Reply

Your email address will not be published. Required fields are marked *