ਨੈਸ਼ਨਲ ਟਾਈਮਜ਼ ਬਿਊਰੋ :- ਸਰਹਦੀ ਪਿੰਡ ਕਲਸੀਆਂ ਦੀ ਨਿਵਾਸੀ ਇੱਕ ਨਾਬਾਲਗ ਲੜਕੀ ਜੋ ਸੱਤਵੀਂ ਕਲਾਸ ਦੀ ਵਿਦਿਆਰਥਣ ਹੈ ਵੱਲੋਂ ਆਪਣੇ ਪਿਤਾ ਦਾ ਲਾਇਸੈਂਸੀ ਰਿਵਾਲਵਰ ਡੱਬ ਵਿੱਚ ਅੜਾ ਕੇ ਸਕੂਲ ਲੈ ਜਾਣ ਦਾ ਹੈਰਾਨੀ ਜਨਕ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਦੇ ਅਨੁਸਾਰ ਜਦੋਂ ਪਿਤਾ ਸਰਬਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕਲਸੀਆਂ ਕਲਾ ਨੂੰ ਘਰ ਵਿੱਚ ਆਪਣੇ ਲਾਇਸੈਂਸੀ ਰਿਵਾਲਵਰ ਦੀ ਗੈਰ ਮੌਜੂਦਗੀ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਸੈਕਰਡ ਹਾਰਟ ਕਾਨਵੈਂਟ ਸਕੂਲ ਭਿਖੀਵਿੰਡ ਵਿੱਚ ਪੜ੍ਹਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਬੇਟੀ ਦੇ ਸਕੂਲ ਜਾ ਪੁੱਜਾ। ਇਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਸਿਸਟਰ ਅਨਸਿਟਾ ਨੇ ਪਿਤਾ ਦੇ ਸਾਹਮਣੇ ਬੇਟੀ ਨੂੰ ਜਦੋਂ ਆਪਣੇ ਦਫਤਰ ਬੁਲਾਇਆ ਤਾਂ ਉਸਨੇ ਆਪਣੀ ਪੈਂਟ ਦੀ ਸੱਜੇ ਪਾਸੇ ਡੱਬ ਵਿੱਚ ਪਿਸਤੋਲ ਕੱਢ ਕੇ ਪਿਤਾ ਨੂੰ ਦੇ ਦਿੱਤਾ। ਬੱਚੀ ਦੇ ਇਸ ਵਤੀਰੇ ਤੋਂ ਉਸਦੇ ਬਾਪ ਦੀ ਬਹੁਤ ਵੱਡੀ ਅਣਗਹਿਲੀ ਸਾਹਮਣੇ ਆਉਂਦੀ ਹੈ। ਸਕੂਲ ਪੜ੍ਹਦੀ 13 ਸਾਲਾਂ ਲੜਕੀ ਵੱਲੋਂ ਆਪਣੇ ਪਿਤਾ ਦਾ ਰਿਵਾਲਵਰ ਸਕੂਲ ਵਿੱਚ ਕਿਉਂ ਲੈ ਕੇ ਗਈ ਇਸ ਸਬੰਧੀ ਪੁਲਿਸ ਵੱਲੋਂ ਬਰੀਕੀ ਨਾਲ ਜਾਂਚ ਵੀ ਸ਼ੁਰੂ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸਕੂਲ ਦੇ ਪ੍ਰਿੰਸੀਪਲ ਸਿਸਟਰ ਅਨਸਿਟਾ ਦੇ ਬਿਆਨਾਂ ਹੇਠ ਲੜਕੀ ਦੇ ਪਿਤਾ ਸਰਬਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕਲਸੀਆਂ ਕਲਾਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।
