ਵਿਸ਼ਾਖਾਪਟਨਮ ਤੋਂ ਲਾਪਤਾ ਬੱਚਾ ਅੰਮ੍ਰਿਤਸਰ ਵਿੱਚ ਮਿਲਿਆ; ਪਰਿਵਾਰ ਹੋਇਆ ਭਾਵੁਕ

ਗੁਰਪ੍ਰੀਤ ਸਿੰਘ :- ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤੋਂ ਲਾਪਤਾ ਹੋਇਆ 15 ਸਾਲਾ ਬੱਚਾ ਲਗਭਗ 2500 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅੰਮ੍ਰਿਤਸਰ ਪਹੁੰਚ ਗਿਆ। ਰੇਲਵੇ ਚਾਈਲਡ ਹੈਲਪ ਡੈਸਕ, ਬਾਲ ਸੁਰੱਖਿਆ ਵਿਭਾਗ ਅਤੇ ਬਾਲ ਕਲਿਆਣ ਸਮਿਤੀ ਦੀ ਮੁਸਤੈਦੀ ਸਦਕਾ ਤਿੰਨ ਦਿਨਾਂ ਦੀ ਕੋਸ਼ਿਸ਼ ਤੋਂ ਬਾਅਦ ਬੱਚੇ ਨੂੰ ਉਸ ਦੇ ਮਾਪਿਆਂ ਨਾਲ ਮਿਲਵਾ ਦਿੱਤਾ ਗਿਆ। ਬੱਚੇ ਦੇ ਪਰਿਵਾਰ ਲਈ ਇਹ ਪਲ ਬੇਹੱਦ ਭਾਵੁਕ ਰਿਹਾ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਬੱਚਾ ਪੰਜਾਬ ਵਿੱਚ ਸੁਰੱਖਿਅਤ ਹੈ।

ਬਾਲ ਕਲਿਆਣ ਸਮਿਤੀ ਅੰਮ੍ਰਿਤਸਰ ਦੇ ਐਡਵੋਕੇਟ ਐਮ.ਕੇ. ਸ਼ਰਮਾ ਨੇ ਦੱਸਿਆ ਕਿ 6 ਅਗਸਤ 2026 ਨੂੰ ਰੇਲਵੇ ਪੁਲਿਸ ਵੱਲੋਂ ਸੂਚਨਾ ਮਿਲੀ ਸੀ ਕਿ ਰੇਲਵੇ ਸਟੇਸ਼ਨ ’ਤੇ ਇੱਕ 15 ਸਾਲਾ ਬੱਚਾ ਲਾਪਤਾ ਹਾਲਤ ਵਿੱਚ ਮਿਲਿਆ ਹੈ। ਸੂਚਨਾ ਮਿਲਦੇ ਹੀ ਰੇਲਵੇ ਚਾਈਲਡ ਹੈਲਪ ਡੈਸਕ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਬੱਚੇ ਨੂੰ ਰੈਸਕਿਊ ਕਰਕੇ ਸੁਰੱਖਿਅਤ ਹਿਰਾਸਤ ਵਿੱਚ ਲਿਆ ਗਿਆ।

ਕਾਊਂਸਲਿੰਗ ਦੌਰਾਨ ਪਤਾ ਲੱਗਾ ਕਿ ਬੱਚਾ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਨਾਲ ਸਬੰਧਤ ਹੈ। ਬੱਚਾ ਤੇਲਗੂ ਭਾਸ਼ਾ ਬੋਲਦਾ ਸੀ, ਜਿਸ ਕਾਰਨ ਉਸ ਨਾਲ ਗੱਲਬਾਤ ਕਰਕੇ ਪੂਰਾ ਪਤਾ ਅਤੇ ਪਰਿਵਾਰ ਸਬੰਧੀ ਜਾਣਕਾਰੀ ਹਾਸਲ ਕਰਨਾ ਟੀਮ ਲਈ ਵੱਡੀ ਚੁਣੌਤੀ ਬਣਿਆ। ਇਸ ਦੇ ਬਾਵਜੂਦ ਟੀਮ ਨੇ ਲਗਾਤਾਰ ਗੱਲਬਾਤ ਅਤੇ ਉਪਲਬਧ ਜਾਣਕਾਰੀ ਦੇ ਆਧਾਰ ’ਤੇ ਬੱਚੇ ਦੇ ਘਰ ਅਤੇ ਇਲਾਕੇ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਰੱਖੀ।

ਬੱਚੇ ਦੀ ਸੁਰੱਖਿਆ ਅਤੇ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਉਸ ਨੂੰ ਚਿਲਡਰਨ ਹੋਮ ਫਾਰ ਬੁਆਇਜ਼ ਭੇਜਿਆ ਗਿਆ। ਇਸ ਦੇ ਨਾਲ ਹੀ ਵਿਸ਼ਾਖਾਪਟਨਮ ਪ੍ਰਸ਼ਾਸਨ, ਪੁਲਿਸ ਅਤੇ ਉੱਥੋਂ ਦੀ ਚਾਈਲਡ ਵੈਲਫੇਅਰ ਕਮੇਟੀ ਨਾਲ ਸੰਪਰਕ ਕੀਤਾ ਗਿਆ। ਲਗਾਤਾਰ ਤਾਲਮੇਲ ਤੋਂ ਬਾਅਦ ਬੱਚੇ ਦੇ ਪਰਿਵਾਰ ਦਾ ਪਤਾ ਲਗਾਇਆ ਗਿਆ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਪਹੁੰਚਣ ਲਈ ਕਿਹਾ ਗਿਆ।
ਐਤਵਾਰ ਨੂੰ ਬੱਚੇ ਦੇ ਮਾਪੇ ਅੰਮ੍ਰਿਤਸਰ ਪਹੁੰਚੇ। ਜ਼ਰੂਰੀ ਦਸਤਾਵੇਜ਼ਾਂ ਦੀ ਜਾਂਚ ਅਤੇ ਬੱਚੇ ਦੀ ਸਹਿਮਤੀ ਤੋਂ ਬਾਅਦ ਉਸ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ। ਪਰਿਵਾਰ ਨੇ ਅੰਮ੍ਰਿਤਸਰ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਤਿੰਨ ਦਿਨਾਂ ਦੀ ਚਿੰਤਾ ਅਤੇ ਭਾਲ ਤੋਂ ਬਾਅਦ ਉਨ੍ਹਾਂ ਨੂੰ ਫੋਨ ਰਾਹੀਂ ਪਤਾ ਲੱਗਾ ਕਿ ਉਨ੍ਹਾਂ ਦਾ ਬੱਚਾ ਪੰਜਾਬ ਵਿੱਚ ਸੁਰੱਖਿਅਤ ਹੈ।
ਪਰਿਵਾਰਕ ਮੈਂਬਰਾਂ ਅਨੁਸਾਰ ਸਕੂਲ ਵਿੱਚ ਬੱਚੇ ਦੇ ਹੱਥੋਂ ਲੈਪਟਾਪ ਜਾਂ ਟੈਬਲੇਟ ਡਿੱਗ ਕੇ ਟੁੱਟ ਗਿਆ ਸੀ। ਇਸ ਕਾਰਨ ਅਧਿਆਪਕ ਵੱਲੋਂ ਉਸ ਨੂੰ ਡਾਂਟਿਆ ਗਿਆ ਅਤੇ ਪੁਲਿਸ ਕੋਲ ਸ਼ਿਕਾਇਤ ਕਰਨ ਦੀ ਗੱਲ ਕਹੀ ਗਈ। ਇਸ ਤੋਂ ਡਰ ਕੇ ਬੱਚਾ ਘਰ ਪਰਤਿਆ, ਸਕੂਲ ਦੀ ਵਰਦੀ ਬਦਲੀ ਅਤੇ ਪਰਿਵਾਰ ਨੂੰ ਬਿਨਾਂ ਦੱਸੇ ਘਰੋਂ ਨਿਕਲ ਗਿਆ। ਬਾਅਦ ਵਿੱਚ ਪਰਿਵਾਰ ਨੇ ਵਿਸ਼ਾਖਾਪਟਨਮ ਪੁਲਿਸ ਕੋਲ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ।

ਇਸ ਦੌਰਾਨ ਅੰਮ੍ਰਿਤਸਰ ਬੱਸ ਸਟੈਂਡ ਨੇੜੇ ਕਰੀਬ 20 ਦਿਨਾਂ ਦੀ ਇੱਕ ਨੰਨੀ ਬੱਚੀ ਨੂੰ ਲਾਵਾਰਿਸ ਛੱਡੇ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਬੱਸ ਸਟੈਂਡ ਪੁਲਿਸ ਪੋਸਟ ਵੱਲੋਂ ਬਾਲ ਕਲਿਆਣ ਸਮਿਤੀ ਨੂੰ ਸੂਚਿਤ ਕੀਤੇ ਜਾਣ ਤੋਂ ਬਾਅਦ ਛੁੱਟੀ ਵਾਲੇ ਦਿਨ ਵੀ ਟੀਮ ਨੇ ਤੁਰੰਤ ਕਾਰਵਾਈ ਕੀਤੀ। ਬੱਚੀ ਨੂੰ ਸੁਰੱਖਿਅਤ ਤਰੀਕੇ ਨਾਲ ਚਾਈਲਡ ਕੇਅਰ ਸੰਸਥਾ ਵਿੱਚ ਭੇਜਣ ਲਈ ਸੀ.ਡਬਲਯੂ.ਸੀ. ਵੱਲੋਂ ਲੋੜੀਂਦੇ ਹੁਕਮ ਜਾਰੀ ਕੀਤੇ ਗਏ ਹਨ।
ਬਾਲ ਕਲਿਆਣ ਸਮਿਤੀ ਨੇ ਕਿਹਾ ਕਿ ਪਰਿਵਾਰਕ ਜਾਂ ਸਮਾਜਿਕ ਮੁਸ਼ਕਲਾਂ ਦਾ ਹੱਲ ਬੱਚਿਆਂ ਨੂੰ ਛੱਡਣਾ ਜਾਂ ਉਨ੍ਹਾਂ ਨਾਲ ਕੁੱਟਮਾਰ ਕਰਨਾ ਨਹੀਂ ਹੈ। ਬੱਚਿਆਂ ਨੂੰ ਪਿਆਰ, ਸਮਝਦਾਰੀ ਅਤੇ ਗੱਲਬਾਤ ਰਾਹੀਂ ਸੰਭਾਲਣ ਦੀ ਲੋੜ ਹੈ। ਅਧਿਕਾਰੀਆਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਨਾਲ ਖੁੱਲ੍ਹ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।

ਐਡਵੋਕੇਟ ਐਮ.ਕੇ. ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਬੱਚਾ ਲਾਵਾਰਿਸ ਹਾਲਤ ਵਿੱਚ ਮਿਲੇ, ਬਾਲ ਮਜ਼ਦੂਰੀ ਕਰਵਾਈ ਜਾ ਰਹੀ ਹੋਵੇ, ਬੱਚੇ ਨਾਲ ਤਸ਼ੱਦਦ ਹੋ ਰਿਹਾ ਹੋਵੇ ਜਾਂ ਬਾਲ ਵਿਆਹ ਦਾ ਮਾਮਲਾ ਸਾਹਮਣੇ ਆਵੇ ਤਾਂ ਤੁਰੰਤ ਚਾਈਲਡ ਹੈਲਪਲਾਈਨ 1098 ’ਤੇ ਸੂਚਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਮੇਂ ਸਿਰ ਮਿਲੀ ਜਾਣਕਾਰੀ ਕਿਸੇ ਬੱਚੇ ਨੂੰ ਮੁਸੀਬਤ ਤੋਂ ਬਚਾਉਣ ਅਤੇ ਉਸ ਨੂੰ ਸੁਰੱਖਿਅਤ ਪਰਿਵਾਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਪੰਜਾਬ ਦਾ ਇੱਕ ਮਹੱਤਵਪੂਰਨ ਰੇਲਵੇ ਕੇਂਦਰ ਹੋਣ ਕਾਰਨ ਦੂਜੇ ਰਾਜਾਂ ਤੋਂ ਵੀ ਕਈ ਬੱਚੇ ਇੱਥੇ ਪਹੁੰਚ ਜਾਂਦੇ ਹਨ। ਰੇਲਵੇ ਚਾਈਲਡ ਹੈਲਪ ਡੈਸਕ ਵੱਲੋਂ ਹਰ ਮਹੀਨੇ ਔਸਤਨ ਕਰੀਬ 20 ਬੱਚਿਆਂ ਨੂੰ ਰੈਸਕਿਊ ਕਰਕੇ ਉਨ੍ਹਾਂ ਦੇ ਪਰਿਵਾਰਾਂ ਜਾਂ ਸਬੰਧਤ ਰਾਜਾਂ ਦੀਆਂ ਬਾਲ ਸੁਰੱਖਿਆ ਏਜੰਸੀਆਂ ਤੱਕ ਪਹੁੰਚਾਉਣ ਲਈ ਕਾਰਵਾਈ ਕੀਤੀ ਜਾਂਦੀ ਹੈ। ਇਹ ਮਾਮਲਾ ਵੀ ਇਸ ਗੱਲ ਦੀ ਮਿਸਾਲ ਹੈ ਕਿ ਸਰਕਾਰੀ ਬਾਲ ਸੁਰੱਖਿਆ ਪ੍ਰਣਾਲੀ ਅਤੇ ਸਮਾਜ ਦੀ ਜਾਗਰੂਕਤਾ ਮਿਲ ਕੇ ਬੱਚਿਆਂ ਨੂੰ ਸੁਰੱਖਿਅਤ ਭਵਿੱਖ ਦੇ ਸਕਦੀ ਹੈ।

By Gurpreet Singh

Leave a Reply

Your email address will not be published. Required fields are marked *