ਵਿਧਾਇਕ ਕੁਲਦੀਪ ਧਾਲੀਵਾਲ ਬਣੇ `ਟ੍ਰੈਫਿਕ ਮੁਲਾਜ਼ਮ`

ਨੈਸ਼ਨਲ ਟਾਈਮਜ਼ ਬਿਊਰੋ :- ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਆਪਣੇ ਹਲਕੇ ਵਿੱਚ ਕਾਫੀ ਸਰਗਰਮ ਹਨ। ਹੜ੍ਹ ਤੋਂ ਲੈ ਕੇ ਹੁਣ ਤੱਕ ਉਹ ਲੋਕਾਂ ਵਿਚਕਾਰ ਕਾਫੀ ਵਿਚਰਦੇ ਹੋਏ ਨਜ਼ਰ ਆਏ ਹਨ। ਅਜਨਾਲਾ ਦੇ ਮੇਨ ਚੌਕ ਵਿੱਚ ਸਵੇਰ ਵੇਲੇ ਲੱਗੇ ਭਾਰੀ ਟ੍ਰੈਫਿਕ ਜਾਮ ਨੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਦੌਰਾਨ ਦਫ਼ਤਰਾਂ,ਸਕੂਲਾਂ ਅਤੇ ਕੰਮਕਾਜ ਲਈ ਜਾਂਦੇ ਲੋਕ ਘੰਟੇ ਤੋਂ ਵੀ ਵੱਧ ਸਮੇਂ ਤੱਕ ਇਸ ਜਾਮ ਵਿੱਚ ਫਸੇ ਰਹੇ।

ਇਸ ਦੌਰਾਨ ਅਜਨਾਲਾ ਹਲਕੇ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੀ ਆਪਣੀ ਗੱਡੀ ਵਿਚੋਂ ਇਸ ਰਾਹੀਂ ਗੁਜ਼ਰ ਰਹੇ ਸਨ। ਜਾਮ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਨ੍ਹਾਂ ਨੇ ਤੁਰੰਤ ਆਪਣੀ ਗੱਡੀ ਰੋਕੀ ਤੇ ਬਿਨਾਂ ਕਿਸੇ ਦੇਰ ਦੇ ਸਿੱਧੇ ਟ੍ਰੈਫਿਕ ਵੱਲ ਰੁਖ ਕੀਤਾ। ਕੁਲਦੀਪ ਧਾਲੀਵਾਲ ਨੇ ਟ੍ਰੈਫਿਕ ਕਰਮਚਾਰੀ ਵੱਜੋਂ ਖ਼ੁਦ ਡਿਊਟੀ ਨਿਭਾਉਂਦੇ ਹੋਏ ਵਾਹਨਾਂ ਨੂੰ ਇੱਕ-ਇੱਕ ਕਰਕੇ ਸੁਚੱਜੇ ਢੰਗ ਨਾਲ ਰਾਹ ਦਿੱਤਾ। ਉਨ੍ਹਾਂ ਦੀ ਹਾਜ਼ਰਜਵਾਬੀ ਅਤੇ ਫੁਰਤੀ ਕਾਰਨ ਕੁਝ ਹੀ ਮਿੰਟਾਂ ਵਿੱਚ ਇਹ ਜਾਮ ਖੁਲ੍ਹਵਾਇਆ ਗਿਆ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸ਼ਹਿਰ ਵਿੱਚ ਵਧ ਰਹੇ ਵਾਹਨਾਂ ਦੀ ਗਿਣਤੀ ਦੇ ਮੱਦੇਨਜ਼ਰ ਸੜਕਾਂ ਉਤੇ ਸਬਰ ਅਤੇ ਕਾਇਦੇ ਦੀ ਬਹੁਤ ਲੋੜ ਹੈ।

ਲੋਕਾਂ ਨੇ ਵਿਧਾਇਕ ਦੀ ਇਸ ਤੁਰੰਤ ਕਾਰਵਾਈ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਅਮੂਮਨ ਨੇਤਾ ਅਜਿਹੀਆਂ ਸਥਿਤੀਆਂ ਵਿੱਚ ਗੱਡੀਆਂ ਦਾ ਕਾਫ਼ਲਾ ਲੰਘਾਉਂਦੇ ਹਨ ਪਰ ਧਾਲੀਵਾਲ ਨੇ ਜਨਤਾ ਦੇ ਨਾਲ ਖੜ੍ਹ ਕੇ ਅਨੋਖੀ ਮਿਸਾਲ ਕਾਇਮ ਕੀਤੀ ਹੈ।

ਧਾਲੀਵਾਲ ਨੇ ਇਹ ਵੀ ਭਰੋਸਾ ਦਿਵਾਇਆ ਕਿ ਅਜਨਾਲਾ ਸ਼ਹਿਰ ਦੇ ਜਾਮ ਦੀ ਸਮੱਸਿਆ ਨੂੰ ਸਥਾਈ ਤੌਰ ਉਤੇ ਹੱਲ ਕਰਨ ਲਈ ਸਰਕਾਰ ਵੱਲੋਂ ਜਲਦੀ ਹੀ ਜ਼ਰੂਰੀ ਕਦਮ ਉਠਾਏ ਜਾਣਗੇ। ਉਨ੍ਹਾਂ ਨੇ ਅਪੀਲ ਕੀਤੀ ਕਿ ਲੋਕ ਬੇਵਜ੍ਹਾ ਗਲਤ ਲੇਨ ਨਾ ਲੈਣ, ਗੱਡੀਆਂ ਨੂੰ ਸਹੀ ਤਰੀਕੇ ਨਾਲ ਪਾਰਕ ਕਰਨ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਸ਼ਹਿਰ ਦੀ ਸੜਕਾਂ ਨੂੰ ਸੁਰੱਖਿਅਤ ਤੇ ਸੁਚੱਲ ਬਣਾਉਣ ਵਿੱਚ ਭਾਗੀਦਾਰੀ ਪਾਉਣ।

By Gurpreet Singh

Leave a Reply

Your email address will not be published. Required fields are marked *