MLA ਰਮਨ ਅਰੋੜਾ ਦੀ ਅਦਾਲਤ ‘ਚ ਪੇਸ਼ੀ, 5 ਦਿਨਾਂ ਦਾ ਮਿਲਿਆ ਰਿਮਾਂਡ

ਜਲੰਧਰ -ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤੇ ਗਏ ਰਮਨ ਅਰੋੜਾ ਨੂੰ ਅੱਜ ਵਿਜੀਲੈਂਸ ਦੀ ਟੀਮ ਵੱਲੋਂ ਜਲੰਧਰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਵੱਲੋਂ ਵਿਧਾਇਕ ਰਮਨ ਅਰੋੜਾ ਨੂੰ 5 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਪੁਲਸ ਵੱਲੋਂ ਰਮਨ ਅਰੋੜਾ ਦੇ ਰਿਮਾਂਡ ਲਈ 10 ਦਿਨਾਂ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਅਦਾਲਤ ਵੱਲੋਂ 5 ਦਿਨਾਂ ਦਾ ਰਿਮਾਂਡ ਦਿੱਤਾ ਗਿਆ। 

ਜਲੰਧਰ ਕੇਂਦਰੀ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਬੀਤੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ। ਰਾਤ 12 ਵਜੇ ਦੇ ਕਰੀਬ ਰਮਨ ਅਰੋੜਾ ਦਾ ਸਿਵਲ ਹਸਪਤਾਲ ਵਿਖੇ ਵਿਜੀਲੈਂਸ ਟੀਮ ਦੀ ਨਿਗਰਾਨੀ ਹੇਠ ਮੈਡੀਕਲ ਕਰਵਾਇਆ ਗਿਆ। ਰਮਨ ਅਰੋੜਾ ਦੀ ਡਾਕਟਰੀ ਪ੍ਰਕਿਰਿਆ ਦੀ ਨਿਗਰਾਨੀ ਸਿਵਲ ਹਸਪਤਾਲ ਦੀ ਈ. ਐੱਮ. ਓ. ਡਾਕਟਰ ਸਿਮਰਨ ਕੌਰ ਨੇ ਕੀਤੀ। ਹਾਲਾਂਕਿ ਇਸ ਦੌਰਾਨ ਰਮਨ ਅਰੋੜਾ ਨੂੰ ਕਾਰ ਤੋਂ ਬਾਹਰ ਨਹੀਂ ਕੱਢਿਆ ਗਿਆ।

PunjabKesari

ਰਮਨ ਅਰੋੜਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਪੰਜ ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਦੂਜੇ ਪਾਸੇ ਵਿਜੀਲੈਂਸ ਵੱਲੋਂ ਬੀਤੇ ਦਿਨ ਸਾਢੇ 7 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਪੁਲਸ ਅੱਜ ਫਿਰ ਰਮਨ ਅਰੋੜਾ ਦੇ ਘਰ ਪਹੁੰਚੀ, ਜਿੱਥੇ ਪੁਲਸ ਰਮਨ ਅਰੋੜਾ ਦੇ ਘਰ ਅਤੇ ਕਾਰ ਦੀ ਤਲਾਸ਼ੀ ਲਈ। ਇਸ ਦੌਰਾਨ ਘਰ ਵਿੱਚ 5 ਪੁਲਸ ਵਾਲੇ ਮੌਜੂਦ ਸਨ। ਜੋ ਘਰ ਦੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਸਨ। ਘਰ ਦੇ ਬਾਹਰ ਚਾਰ ਪੁਲਸ ਕਰਮਚਾਰੀ ਤਾਇਨਾਤ ਹਨ।
ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਦੇ ਜਲੰਧਰ ਰੇਂਜ ਦਫ਼ਤਰ ਨੇ ਬੀਤੇ ਦਿਨ ਵਿਧਾਇਕ ਰਮਨ ਅਰੋੜਾ ਨੂੰ ਜਲੰਧਰ ਨਗਰ ਨਿਗਮ ਦੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਭ੍ਰਿਸ਼ਟਾਚਾਰ ਗਤੀਵਿਧੀਆਂ ’ਚ ਸ਼ਾਮਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ।  ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ 14 ਮਈ ਨੂੰ ਇੰਜੀਨੀਅਰਜ਼ ਐਂਡ ਬਿਲਡਿੰਗ ਡਿਜ਼ਾਈਨਰ ਐਸੋਸੀਏਸ਼ਨ, ਜਲੰਧਰ ਦੇ ਤਿੰਨ ਅਹੁਦੇਦਾਰਾਂ ਵੱਲੋਂ ਸਾਂਝੀ ਸ਼ਿਕਾਇਤ ਵਿਜੀਲੈਂਸ ਬਿਊਰੋ ਨੂੰ ਪ੍ਰਾਪਤ ਹੋਈ, ਜਿਸ ’ਚ ਇਹ ਦੋਸ਼ ਲਾਇਆ ਗਿਆ ਸੀ ਕਿ ਸਹਾਇਕ ਟਾਊਨ ਪਲੈਨਰ (ਏ.ਟੀ.ਪੀ.) ਨਗਰ ਨਿਗਮ ਜਲੰਧਰ ਸੁਖਦੇਵ ਵਸ਼ਿਸ਼ਟ ਉਨ੍ਹਾਂ ਕੋਲੋਂ ਰਿਸ਼ਵਤ ਦੀ ਮੰਗ ਕਰਦਾ ਹੈ। ਜਦੋਂ ਵੀ ਉਹ ਆਪਣੇ ਅਧਿਕਾਰ ਖੇਤਰ ਵਿੱਚ ਦੌਰਾ ਕਰਦਾ ਹੈ ਤਾਂ ਉਹ ਲੋਕਾਂ ਨੂੰ ਉਨ੍ਹਾਂ ਦੀਆਂ ਇਮਾਰਤਾਂ ਨੂੰ ਸੀਲ ਕਰਨ ਅਤੇ ਢਹਾਉਣ ਸਬੰਧੀ ਧਮਕੀ ਦਿੰਦਾ ਹੈ। ਉਸ ਕੋਲ ਬਹੁਤ ਸਾਰੀਆਂ ਫਾਈਲਾਂ ਲਟਕੀਆਂ ਹਨ ਜਦਕਿ ਇਨ੍ਹਾਂ ਫਾਈਲਾਂ ਨੂੰ ਨਗਰ ਨਿਗਮ (ਐੱਮ. ਸੀ.) ਦੇ ਹੋਰ ਵਿੰਗਾਂ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ।

PunjabKesari

ਇਸ ਸ਼ਿਕਾਇਤ ਦੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਨੇ ਇੰਜੀਨੀਅਰਜ਼ ਐਂਡ ਬਿਲਡਿੰਗ ਡਿਜ਼ਾਈਨਰ ਐਸੋਸੀਏਸ਼ਨ, ਜਲੰਧਰ ਦੇ ਪ੍ਰਧਾਨ ਇੰਜੀਨੀਅਰ ਸੁਨੀਲ ਕਟਿਆਲ ਦੀ ਸ਼ਿਕਾਇਤ ‘ਤੇ ਸੁਖਦੇਵ ਵਸ਼ਿਸ਼ਟ, ਏ.ਟੀ.ਪੀ. ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਮਿਤੀ 14/05/2025 ਨੂੰ ਮੁਕੱਦਮਾ ਨੰਬਰ 23 ਦਰਜ ਕੀਤਾ ਗਿਆ ਸੀ। ਵਿਜੀਲੈਂਸ ਬਿਊਰੋ ਨੇ ਉਸ ਨੂੰ 14/05/2025 ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਜਾਂਚ ਅੱਗੇ ਚੱਲ ਰਹੀ ਸੀ ,ਜਿਸ ਦੌਰਾਨ ਇਹ ਸਾਹਮਣੇ ਆਇਆ ਕਿ ਉਹ ਪਠਾਨਕੋਟ ’ਚ ਸੀਨੀਅਰ ਡਰਾਫਟਸਮੈਨ ਵਜੋਂ ਤਾਇਨਾਤ ਸੀ ਪਰ ਉਸ ਕੋਲ ਏ.ਟੀ.ਪੀ. ਜਲੰਧਰ ਦਾ ਵਾਧੂ ਚਾਰਜ ਵੀ ਸੀ। ਉਹ ਅਪ੍ਰੈਲ 2022 ਤੋਂ ਹੁਣ ਤੱਕ ਥੋੜ੍ਹੇ-ਥੋੜ੍ਹੇ ਸਮੇਂ ਲਈ ਲਗਾਤਾਰ ਜਲੰਧਰ ਵਿੱਚ ਤਾਇਨਾਤ ਰਿਹਾ।

ਗ੍ਰਿਫ਼ਤਾਰ ਕੀਤੇ ਗਏ ਏ.ਟੀ.ਪੀ. ਸੁਖਦੇਵ ਵਸ਼ਿਸ਼ਟ ਦੇ ਦਫ਼ਤਰ ਅਤੇ ਰਿਹਾਇਸ਼ ਦੀ ਤਲਾਸ਼ੀ ਦੌਰਾਨ ਹੋਰ ਅਪਰਾਧਕ ਦਸਤਾਵੇਜ਼ਾਂ ਅਤੇ ਭੌਤਿਕ ਸਬੂਤਾਂ ਸਮੇਤ ਉਸ ਦੇ ਕਬਜ਼ੇ ’ਚੋਂ ਅਤੇ ਦਫ਼ਤਰ ਦੇ ਰਿਕਾਰਡ ਤੋਂ ਅਣਅਧਿਕਾਰਤ ਉਸਾਰੀ ਅਤੇ ਸਬੰਧਤ ਮਾਮਲਿਆਂ ਲਈ ਸੈਂਕੜੇ ਸਰਕਾਰੀ ਨੋਟਿਸ ਬਰਾਮਦ ਕੀਤੇ ਗਏ। ਇਨ੍ਹਾਂ ’ਚੋਂ ਕੁਝ ਨੋਟਿਸਾਂ ਨੂੰ ਡਿਸਪੈਚ ਰਜਿਸਟਰ ’ਚ ਵੀ ਦਰਜ ਨਹੀਂ ਸੀ ਕੀਤਾ ਗਿਆ। ਇਸ ਤੋਂ ਇਲਾਵਾ ਬਿਨਾਂ ਕਿਸੇ ਕਾਰਨ ਬਹੁਤ ਲੰਬੇ ਸਮੇਂ ਤੋਂ ਬਿਨਾਂ ਕਾਰਵਾਈ ਲਟਕੇ ਪਏ ਹੋਰ ਦਸਤਾਵੇਜ਼ ਵੀ ਬਰਾਮਦ ਕੀਤੇ ਗਏ। ਹੋਰ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਅਧਿਕਾਰੀ ਵੱਲੋਂ ਇਕ ਸਥਾਨਕ ਸਿਆਸਤਦਾਨ ਨਾਲ ਮਿਲ ਕੇ ਸ਼ਹਿਰ ਦੇ ਲੋਕਾਂ ਤੋਂ ਜਬਰੀ ਪੈਸੇ ਵਸੂਲਣ ਅਤੇ ਭ੍ਰਿਸ਼ਟਾਚਾਰ ’ਚ ਸ਼ਾਮਲ ਹੋਣ ਲਈ ਵਿਲੱਖਣ ਢੰਗ ਅਪਣਾਇਆ ਜਾ ਰਿਹਾ ਸੀ। ਗ੍ਰਿਫ਼ਤਾਰ ਕੀਤਾ ਗਿਆ ਏ.ਟੀ.ਪੀ. ਵਿਧਾਇਕ ਰਮਨ ਅਰੋੜਾ ਦੇ ਕਹਿਣ ‘ਤੇ ਅਤੇ ਉਸ ਦੀ ਸਲਾਹ ਨਾਲ ਵਪਾਰਕ ਅਤੇ ਰਿਹਾਇਸ਼ੀ ਦੋਵੇਂ ਤਰ੍ਹਾਂ ਦੀਆਂ ਉਸਾਰੀਆਂ ਜਾਂ ਨਿਰਮਾਣ ਅਧੀਨ ਇਮਾਰਤਾਂ ਦੀ ਪਛਾਣ ਕਰਦਾ ਸੀ ਅਤੇ ਕਥਿਤ ਉਲੰਘਣਾਵਾਂ ਲਈ ਉਨ੍ਹਾਂ ਨੂੰ ਨੋਟਿਸ ਭੇਜਦਾ ਸੀ। 

ਜਦੋਂ ਇਮਾਰਤ ਦੇ ਮਾਲਕ ਜਾਂ ਉਨ੍ਹਾਂ ਦੇ ਨੁਮਾਇੰਦੇ ਸਬੰਧਤ ਅਧਿਕਾਰੀ ਕੋਲ ਪਹੁੰਚ ਕਰਦੇ ਸਨ ਤਾਂ ਉਹ ਉਨ੍ਹਾਂ ਨੂੰ ਉਕਤ ਵਿਧਾਇਕ ਕੋਲ ਭੇਜਦਾ ਸੀ। ਉਕਤ ਵਿਧਾਇਕ ਫਿਰ ਗੈਰ-ਕਾਨੂੰਨੀ ਢੰਗ ਨਾਲ ਰਿਸ਼ਵਤ ਲੈ ਕੇ ਮਾਮਲੇ ਨੂੰ ਸੁਲਝਾ ਦਿੰਦਾ ਸੀ। ਉਕਤ ਵਿਧਾਇਕ ਤੋਂ ਹਾਂ-ਪੱਖੀ ਸੁਨੇਹਾ ਮਿਲਣ ‘ਤੇ ਫਾਈਲਾਂ ਏ. ਟੀ. ਪੀ. ਵੱਲੋਂ ਭੇਜ ਦਿੱਤੀਆਂ ਜਾਂਦੀਆਂ ਪਰ ਕੋਈ ਕਾਰਵਾਈ ਸ਼ੁਰੂ ਨਾ ਕੀਤੀ ਜਾਂਦੀ। ਉਕਤ ਮਿਲੀਭੁਗਤ ਨਾਲ ਸਬੰਧਤ ਅਜਿਹੇ 75-80 ਦੇ ਕਰੀਬ ਨੋਟਿਸ ਬਰਾਮਦ ਕੀਤੇ ਗਏ ਹਨ। ਹੋਰ ਫਾਈਲਾਂ ਦੇ ਨਿਪਟਾਰੇ ਲਈ ਵੀ ਇਹੀ ਢੰਗ ਅਪਣਾਇਆ ਜਾਂਦਾ ਸੀ। ਵਿਜੀਲੈਂਸ ਬਿਊਰੋ ਅਤੇ ਸਥਾਨਕ ਸਰਕਾਰਾਂ ਵਿਭਾਗ ਦੀਆਂ ਤਕਨੀਕੀ ਟੀਮਾਂ ਰਾਹੀਂ ਹਰੇਕ ਨੋਟਿਸ ਅਤੇ ਦਸਤਾਵੇਜ਼ਾਂ ਦੀ ਵਿਆਪਕ ਅਤੇ ਦਸਤਾਵੇਜ਼ੀ ਤਸਦੀਕ ਕੀਤੀ ਜਾ ਰਹੀ ਹੈ ਅਤੇ ਬਹੁਤ ਸਾਰੀਆਂ ਕਮੀਆਂ ਸਾਹਮਣੇ ਆਈਆਂ ਹਨ।

By Gurpreet Singh

Leave a Reply

Your email address will not be published. Required fields are marked *