CBI ਦੇ ਫਰਜ਼ੀ ਸਪੈਸ਼ਲ ਅਫ਼ਸਰ ਦੇ ਫੜੇ ਜਾਣ ’ਤੇ ਥਾਣੇ ’ਚੋਂ ਕੱਢ ਕੇ ਲੈ ਗਏ ਸਨ MLA ਰਮਨ ਅਰੋੜਾ

ਜਲੰਧਰ – ਵਿਧਾਇਕ ਰਮਨ ਅਰੋੜਾ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਉਨ੍ਹਾਂ ਦੇ ਕਿੱਸੇ ਲਗਾਤਾਰ ਬਾਹਰ ਆ ਰਹੇ ਹਨ। ਬੀਤੇ ਸਾਲ ਅਗਸਤ ਮਹੀਨੇ ਵਿਚ ਥਾਣਾ ਨੰਬਰ 4 ਦੀ ਪੁਲਸ ਵੱਲੋਂ ਫੜੇ ਸੀ. ਬੀ. ਆਈ. ਦੇ ਫਰਜ਼ੀ ਸਪੈਸ਼ਲ ਅਫ਼ਸਰ ਨੂੰ ਵੀ ਵਿਧਾਇਕ ਦੇ ਦਬਾਅ ਕਾਰਨ ਛੱਡਣਾ ਪਿਆ ਸੀ। ਮੁਲਜ਼ਮ ਨੂੰ ਛੁਡਵਾਉਣ ਲਈ 24 ਲੱਖ ਰੁਪਏ ਦਾ ਲੈਣ-ਦੇਣ ਹੋਇਆ ਸੀ, ਜੋ ਸਿੱਧੇ ਰਮਨ ਅਰੋੜਾ ਤਕ ਪਹੁੰਚਾਏ ਗਏ ਸਨ। ਰਮਨ ਅਰੋੜਾ ਦਾ ਲੈਣ-ਦੇਣ ਸਿਰਫ਼ ਨਗਰ ਨਿਗਮ ਤਕ ਹੀ ਸੀਮਤ ਨਹੀਂ ਸੀ। ਵਿਧਾਇਕ ਨੇ ਆਪਣਾ ਸਾਮਰਾਜ ਸੈਂਟਰਲ ਹਲਕੇ ਅਧੀਨ ਆਉਂਦੇ ਸਾਰੇ ਥਾਣਿਆਂ ਵਿਚ ਫੈਲਾਅ ਰੱਖਿਆ ਸੀ ਅਤੇ ਥਾਣੇ ਦੇ ਕੰਮ ਕਰਨ ਜਾਂ ਫਿਰ ਅਧਿਕਾਰੀਆਂ ਨੂੰ ਫੋਨ ਕਰਨ ਦੀ ਡਿਊਟੀ ਵਿਧਾਇਕ ਦੇ ਪੀ. ਏ. ਦੀ ਹੁੰਦੀ ਸੀ। ਦਰਅਸਲ ਇਕ ਕੁੜੀ ਦੇ ਮਾਮਲੇ ਵਿਚ ਕਪੂਰਥਲਾ ਦਾ ਵਿਅਕਤੀ ਆਇਆ ਸੀ ਅਤੇ ਖ਼ੁਦ ਨੂੰ ਸੀ. ਬੀ. ਆਈ. ਦਾ ਸਪੈਸ਼ਲ ਅਫ਼ਸਰ ਦੱਸ ਰਿਹਾ ਸੀ। ਉਸ ਦੀ ਡਰੈੱਸ ਤੋਂ ਲੈ ਕੇ ਹੱਥ ਵਿਚ ਫੜਿਆ ਵਾਕੀ-ਟਾਕੀ ਵੇਖ ਕੇ ਸਾਹਮਣੇ ਬੈਠੇ ਲੋਕ ਵੀ ਡਰ ਗਏ। ਇਸ ਵਿਅਕਤੀ ਨੇ ਸੀ. ਬੀ. ਆਈ. ਦੀ ਧੌਂਸ ਵਿਖਾ ਕੇ ਵਿਵਾਦ ਵੀ ਕੀਤਾ ਸੀ। ਲੋਕਾਂ ਨੂੰ ਜਦੋਂ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਸ ਵਿਅਕਤੀ ਨੂੰ ਆਈ. ਕਾਰਡ ਵਿਖਾਉਣ ਲਈ ਕਿਹਾ, ਜਿਸ ਤੋਂ ਬਾਅਦ ਜਿਵੇਂ ਹੀ ਉਸ ਨੇ ਆਪਣਾ ਆਈ. ਕਾਰਡ ਕੱਢਿਆ ਤਾਂ ਉਹ ਫਰਜ਼ੀ ਹੋਣ ’ਤੇ ਲੋਕਾਂ ਨੇ ਥਾਣਾ ਨੰਬਰ 4 ਦੀ ਪੁਲਸ ਬੁਲਾ ਲਈ।

ਪੁਲਸ ਵਿਅਕਤੀ ਨੂੰ ਥਾਣੇ ਲੈ ਗਈ, ਜਿਸ ਨੇ ਮੰਨ ਵੀ ਲਿਆ ਸੀ ਕਿ ਸੀ. ਬੀ. ਆਈ. ਦਾ ਕਾਰਡ ਫਰਜ਼ੀ ਹੈ ਪਰ ਜਿਵੇਂ ਹੀ ਨੌਜਵਾਨ ਦੀ ਧਿਰ ਵੱਲੋਂ ਲਗਜ਼ਰੀ ਗੱਡੀਆਂ ਵਿਚ ਸਵਾਰ ਹੋ ਕੇ ਆਏ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਨੇ ਵਿਧਾਇਕ ਰਮਨ ਅਰੋੜਾ ਤਕ ਸਾਰਾ ਮਾਮਲਾ ਪਹੁੰਚਾਇਆ ਤਾਂ ਵਿਧਾਇਕ ਨੇ ਥਾਣਾ ਨੰਬਰ 4 ਦੇ ਮੁਖੀ ’ਤੇ ਦਬਾਅ ਪਾਇਆ ਅਤੇ ਪੁਲਸ ਨੂੰ ਉਕਤ ਵਿਅਕਤੀ ਨੂੰ ਛੱਡਣਾ ਪਿਆ ਸੀ।

ਉਸ ਸਮੇਂ ਕਪੂਰਥਲਾ ਦਾ ਫਰਜ਼ੀ ਸਪੈਸ਼ਲ ਆਫ਼ਿਸਰ ਥਾਣੇ ਵਿਚੋਂ ਚਲਾ ਗਿਆ ਪਰ ਬਾਅਦ ਵਿਚ ਪਤਾ ਲੱਗਾ ਕਿ ਉਸ ਵਿਅਕਤੀ ਨੂੰ ਛੁਡਾਉਣ ਲਈ 24 ਲੱਖ ਰੁਪਏ ਦੀ ਸੈਟਿੰਗ ਹੋਈ ਹੈ। ਹਾਲਾਂਕਿ ਪੁਲਸ ਨੇ ਉਦੋਂ ਇਹ ਕਹਿ ਕੇ ਪੱਲਾ ਝਾੜ ਲਿਆ ਸੀ ਕਿ ਉਹ ਵਿਅਕਤੀ ਮਾਨਸਿਕ ਰੋਗੀ ਹੈ ਪਰ ਕੁਝ ਹੀ ਸਮੇਂ ਬਾਅਦ ਉਕਤ ਵਿਅਕਤੀ ਦਾ ਵਿਆਹ ਵੀ ਹੋ ਗਿਆ ਸੀ। ਅਜਿਹੇ ਕਈ ਮਾਮਲੇ ਹਨ, ਜਿਨ੍ਹਾਂ ਵਿਚ ਵਿਧਾਇਕ ਨੇ ਵਿਚ ਪੈ ਕੇ ਕਈ ਲੋਕਾਂ ਖ਼ਿਲਾਫ਼ ਕੇਸ ਦਰਜ ਕਰਵਾਉਣ ਲਈ ਪੈਸੇ ਲਏ ਅਤੇ ਕਈ ਲੋਕਾਂ ਨੂੰ ਛੁਡਾਉਣ ਲਈ ਫ਼ੀਸ ਲਈ। ਵਿਧਾਇਕ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਉਨ੍ਹਾਂ ਦੇ ਇਲਾਕੇ ਵਿਚ ਪੈਂਦੇ ਥਾਣਿਆਂ ਦੇ ਐੱਸ. ਐੱਚ. ਓਜ਼ ਨੇ ਰਾਹਤ ਦਾ ਸਾਹ ਲਿਆ ਹੈ ਕਿਉਂਕਿ ਵਿਧਾਇਕ ਦੀ ਥਾਣਿਆਂ ਵਿਚ ਵੀ ਕਾਫ਼ੀ ਦਖ਼ਲਅੰਦਾਜ਼ੀ ਸੀ।

PunjabKesari

ਆੜ੍ਹਤੀ ਮਹੇਸ਼ ਮਖੀਜਾ ਦੀ ਮਕਸੂਦਾਂ ਸਬਜ਼ੀ ਮੰਡੀ ’ਚ ਆੜ੍ਹਤ ਦੀ ਦੁਕਾਨ ’ਤੇ ਵੀ ਰੇਡ
ਵਿਜੀਲੈਂਸ ਦੀ ਟੀਮ ਨੇ ਆੜ੍ਹਤੀ ਮਹੇਸ਼ ਮਖੀਜਾ ਦੀ ਮਕਸੂਦਾਂ ਸਬਜ਼ੀ ਮੰਡੀ ਸਥਿਤ ਆੜ੍ਹਤ ਦੀ ਦੁਕਾਨ ’ਤੇ ਰੇਡ ਕੀਤੀ, ਹਾਲਾਂਕਿ ਉਥੇ ਵੀ ਮਹੇਸ਼ ਮਖੀਜਾ ਨਹੀਂ ਮਿਲਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮਹੇਸ਼ ਮਖੀਜਾ ਦੇ ਚਰਨਜੀਤਪੁਰਾ ਘਰ ਵਿਚ ਰੇਡ ਕੀਤੀ ਗਈ ਸੀ ਪਰ ਉਹ ਫ਼ਰਾਰ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਹੀ ਮਹੇਸ਼ ਮਖੀਜਾ ਨੇ 66 ਫੁੱਟੀ ਰੋਡ ’ਤੇ ਫਲੈਟਸ ਖ਼ਰੀਦੇ ਸਨ। ਇਸ ਤੋਂ ਇਲਾਵਾ ਮੰਡੀ ਵਿਚ 4 ਦੁਕਾਨਾਂ ਅਤੇ ਜੇ. ਪੀ. ਨਗਰ ਪਲਾਟ ਨੂੰ ਲੈ ਕੇ ਵਿਜੀਲੈਂਸ ਨੇ ਉਸ ਤੋਂ ਪੁੱਛਗਿੱਛ ਕਰਨੀ ਹੈ। ਮਹੇਸ਼ ਮਖੀਜਾ ’ਤੇ ਰਮਨ ਅਰੋੜਾ ਦੀ ਸਾਰੀ ਪੇਮੈਂਟ ਕੁਲੈਕਟ ਕਰਨ ਦੇ ਦੋਸ਼ ਹਨ, ਹਾਲਾਂਕਿ ਰਮਨ ਅਰੋੜਾ ਦਾ ਕੁੜਮ ਰਾਜੂ ਮਦਾਨ ਵੀ ਅੰਡਰਗਰਾਊਂਡ ਹੈ।

50 ਲੱਖ ਰੁਪਏ ਵਿਚੋਂ 20 ਲੱਖ ਰੁਪਏ ਦੀ ਕਮੀਸ਼ਨ ਲੈਣ ’ਤੇ ਗੰਜੇ ਨੇਤਾ ਦੀ ਵਿਧਾਇਕ ਨਾਲ ਵਿਗੜੀ ਸੀ : ਸੂਤਰ
ਸੂਤਰਾਂ ਦਾ ਦਾਅਵਾ ਹੈ ਕਿ ਕਪੂਰਥਲਾ ਚੌਂਕ ’ਤੇ ਇਕ ਨਿੱਜੀ ਹਸਪਤਾਲ ਦੇ ਨਿਰਮਾਣ ਲਈ 50 ਲੱਖ ਰੁਪਏ ਦੀ ਫ਼ੀਸ ਵਿਚੋਂ ਗੰਜਾ ਨੇਤਾ 20 ਲੱਖ ਰੁਪਏ ਖ਼ੁਦ ਦੀ ਕਮੀਸ਼ਨ ਮੰਗ ਰਿਹਾ ਸੀ, ਜਿਸ ਨੂੰ ਲੈ ਕੇ ਵਿਧਾਇਕ ਅਤੇ ਗੰਜੇ ਨੇਤਾ ਦੀ ਆਪਸ ਵਿਚ ਵਿਗੜ ਗਈ ਸੀ। ਵਿਧਾਇਕ ਰਮਨ ਅਰੋੜਾ ਨੇ ਮਕਸੂਦਾਂ ਸਬਜ਼ੀ ਮੰਡੀ ਵਿਚ ਵੀ ਕਈ ਨਾਜਾਇਜ਼ ਸ਼ੈੱਡ ਪੁਆਏ ਸਨ, ਜਿਸ ਲਈ ਇਸੇ ਨੇਤਾ ਰਾਹੀਂ ਫੀਸ ਵਿਧਾਇਕ ਤਕ ਪਹੁੰਚੀ ਸੀ।
ਹਾਲੇ ਵੀ ਮੰਡੀ ਦੇ ਅੰਦਰ ਜੋ ਨਾਜਾਇਜ਼ ਸ਼ੈੱਡ ਬਣੇ ਹਨ, ਉਹ ਵਿਧਾਇਕ ਦੀ ਹੀ ਦੇਣ ਹਨ। ਹੌਲੀ-ਹੌਲੀ ਕਰਕੇ ਰਮਨ ਅਰੋੜਾ ਨਾਰਥ ਹਲਕੇ ਵਿਚ ਵੀ ਪੈਰ ਪਸਾਰ ਰਹੇ ਸਨ ਅਤੇ ਇਹੀ ਕਾਰਨ ਸੀ ਕਿ ਉਹ ਆਪਣਾ ਰੁਖ਼ ਮੰਡੀ ਵੱਲ ਕਰ ਰਹੇ ਸਨ। ਰਮਨ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੰਡੀ ਦੇ ਵੀ ਕੁਝ ਖਾਸ ਲੋਕ ਇਧਰ-ਉਧਰ ਹੋ ਚੁੱਕੇ ਹਨ।

ਪ੍ਰਧਾਨ ਮੰਤਰੀ ਆਵਾਸ ਯੋਜਨਾ ’ਚ ਧਾਂਦਲੀ ਕਰਨ ਵਾਲੇ ਸਾਬਕਾ ਕੌਂਸਲਰ ਦੀ ਵੱਡੀ ਟੈਨਸ਼ਨ
ਉਧਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿਚ ਹੋਈ ਧਾਂਦਲੀ ਨੂੰ ਲੈ ਕੇ ਸਾਬਕਾ ਕੌਂਸਲਰ ਦੀ ਟੈਨਸ਼ਨ ਵਧਦੀ ਜਾ ਰਹੀ ਹੈ। ਉਸ ਕੇਸ ਵਿਚ ਵੀ ਨਗਰ ਨਿਗਮ ਦੇ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਸੀ। ਜਦਕਿ ਰਮਨ ਅਰੋੜਾ ਰਿਮਾਂਡ ’ਤੇ ਹੈ, ਅਜਿਹੇ ਵਿਚ ਕਈ ਅਜਿਹੇ ਬਿੰਦੂਆਂ ’ਤੇ ਪੁੱਛਗਿੱਛ ਹੋਵੇਗੀ, ਜਿਸ ਨਾਲ ਪ੍ਰਧਾਨ ਮੰਤਰੀ ਆਵਾਸ ਯੋਜਨਾ ਧਾਂਦਲੀ ਵਿਚ ਸ਼ਾਮਲ ਸਾਬਕਾ ਕੌਂਸਲਰ ਤੋਂ ਲੈ ਕੇ ਨਿਗਮ ਦੇ ਕੁਝ ਅਧਿਕਾਰੀਆਂ ’ਤੇ ਗਾਜ਼ ਡਿੱਗ ਸਕਦੀ ਹੈ।

By Gurpreet Singh

Leave a Reply

Your email address will not be published. Required fields are marked *