ਨੈਸ਼ਨਲ ਟਾਈਮਜ਼ ਬਿਊਰੋ :- BBMB ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਥਾਂ-ਥਾਂ ‘ਤੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਤਹਿਤ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਹਲਕਾ ਬੱਸੀ ਪਠਾਣਾ ਤੋਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੱਲੋਂ ਸਾਥੀਆਂ ਸਣੇ ਬੱਸੀ ਪਠਾਣਾ ਵਿਖੇ ਕੇਂਦਰ ਸਰਕਾਰ ਖ਼ਿਲਾਫ਼ ਨਾਰੇਬਾਜ਼ੀ ਕਰਦਿਆਂ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ।
ਇਸ ਸਬੰਧੀ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਕੰਮ ਪਹਿਲਾ ਵਾਂਗ ਧੱਕਾ ਕਰਨ ਵਾਲਾ ਚੱਲ ਰਿਹਾ ਹੈ, ਜੋ ਕਿ ਬਿਲਕੁਲ ਵੀ ਸਹਿਣ ਨਹੀਂ ਕੀਤਾ ਜਾਵੇਗਾ। ਕੇਂਦਰ ਸਰਕਾਰ ਨੇ ਭਾਖੜਾ ਬਿਆਸ ਮੈਨਜਮੈਂਟ ਬੋਰਡ ਦਾ ਪਾਣੀ ਬਿਨਾਂ ਪੰਜਾਬ ਦੀ ਸਹਿਮਤੀ ਤੋਂ ਹਰਿਆਣਾ ਨੂੰ ਦੇ ਦਿੱਤਾ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪਹਿਲਾ ਹੀ ਦੱਸ ਦਿੱਤਾ ਗਿਆ ਸੀ ਸਾਡੇ ਕੋਲ ਕਿਸੇ ਨੂੰ ਦੇਣ ਲਈ ਇਕ ਬੂੰਦ ਪਾਣੀ ਵੀ ਫ਼ਾਲਤੂ ਨਹੀਂ ਹੈ। ਇਹ ਪੰਜਾਬ ਦਾ ਅਤੇ ਪੰਜਾਬ ਦੇ ਲੋਕਾਂ ਦਾ ਪਾਣੀ ਹੈ, ਇਹ ਸਾਡਾ ਪਾਣੀ ਹੈ ਅਤੇ ਇਸ ‘ਤੇ ਸਿਰਫ਼ ਪੰਜਾਬੀਆਂ ਦਾ ਹੱਕ ਹੈ। ਇਹ ਗੈਰ ਕਾਨੂੰਨੀ ਤਰੀਕੇ ਨਾਲ ਹਰਿਆਣਾ ਨੂੰ ਦੇਣ ਦਾ ਐਲਾਨ ਕਰਨਾ ਗ਼ਲਤ ਹੈ, ਅਸੀਂ ਇਕ ਵੀ ਬੂੰਦ ਬਾਹਰ ਨਹੀਂ ਜਾਣ ਦੇਵਾਂਗੇ।