ਚੰਡੀਗੜ੍ਹ (ਨੈਸ਼ਨਲ ਟਾਈਮਜ਼): ਹਰਿਆਣਾ ਦੇ ਸਾਰੇ 22 ਜ਼ਿਲ੍ਹਿਆਂ ਵਿੱਚ ਅੱਜ ਸ਼ਾਮ 4:00 ਵਜੇ ਮੌਕ ਡਰਿੱਲ ਕੀਤੀ ਜਾਵੇਗੀ। ਇਸ ਦੇ ਮੱਦੇਨਜ਼ਰ, ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸ਼ਾਮ 7:50 ਵਜੇ ਤੋਂ 8:00 ਵਜੇ ਤੱਕ ਆਪਣੇ ਘਰਾਂ ਦੀਆਂ ਸਾਰੀਆਂ ਲਾਈਟਾਂ ਬੰਦ ਰੱਖਣ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਅੱਜ ‘ਆਪਰੇਸ਼ਨ ਅਭਿਆਸ’ ਦੇ ਤਹਿਤ ਹੋਣ ਵਾਲੀ ਮੌਕ ਡਰਿੱਲ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਇੱਕ ਅਹਿਮ ਬੈਠਕ ਦੀ ਪ੍ਰਧਾਨਗੀ ਕੀਤੀ। ਬੈਠਕ ਦੌਰਾਨ, ਸ੍ਰੀ ਰਸਤੋਗੀ ਨੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਮੌਕ ਡਰਿੱਲ ਦੇ ਸੰਚਾਲਨ ਸਬੰਧੀ ਵਿਸਥਾਰਤ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਅਭਿਆਸ ਪ੍ਰਮੁੱਖ ਸਰਕਾਰੀ ਅਦਾਰਿਆਂ, ਜਨਤਕ ਖੇਤਰ ਦੀਆਂ ਇਕਾਈਆਂ ਅਤੇ ਹੋਰ ਮਹੱਤਵਪੂਰਨ ਸਥਾਨਾਂ ‘ਤੇ ਸ਼ੁਰੂ ਹੋਵੇਗਾ। ਡਿਪਟੀ ਕਮਿਸ਼ਨਰਾਂ ਨੂੰ ਆਪਣੀਆਂ ਸਿਵਲ ਡਿਫੈਂਸ ਪ੍ਰਣਾਲੀਆਂ ਨੂੰ ਸਰਗਰਮ ਕਰਨ ਦੇ ਹੁਕਮ ਦਿੱਤੇ ਗਏ ਹਨ।
ਮੌਕ ਡਰਿੱਲ ਵਿੱਚ ਹੋਮਗਾਰਡ, ਸਿਵਲ ਡਿਫੈਂਸ ਵਲੰਟੀਅਰ, ਪੁਲਿਸ, ਐਨਸੀਸੀ ਅਧਿਕਾਰੀ ਅਤੇ ਆਫ਼ਤ ਮਿੱਤਰ ਸ਼ਾਮਲ ਹੋਣਗੇ। ਮੁੱਖ ਸਕੱਤਰ ਨੇ ਦੁਹਰਾਇਆ ਕਿ ਇਸ ਅਭਿਆਸ ਦਾ ਮਕਸਦ ਤਿਆਰੀ ਅਤੇ ਸੁਚੇਤਤਾ ਵਧਾਉਣਾ ਹੈ, ਨਾ ਕਿ ਘਬਰਾਹਟ ਪੈਦਾ ਕਰਨਾ। ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਪ੍ਰੈਸ ਕਾਨਫਰੰਸ ਕਰਕੇ ਜਨਤਾ ਨੂੰ ਸਮਝਾਉਣ ਦੇ ਨਿਰਦੇਸ਼ ਦਿੱਤੇ ਕਿ ਇਹ ਸਿਰਫ਼ ਤਿਆਰੀ ਲਈ ਕੀਤਾ ਜਾ ਰਿਹਾ ਅਭਿਆਸ ਹੈ ਅਤੇ ਚਿੰਤਾ ਦਾ ਕੋਈ ਕਾਰਨ ਨਹੀਂ ਹੈ।
ਸ੍ਰੀ ਰਸਤੋਗੀ ਨੇ ਡਿਪਟੀ ਕਮਿਸ਼ਨਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਲੋਕਾਂ ਨੂੰ ਆਪਣੇ ਖੇਤਰ ਵਿੱਚ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸੂਚਨਾ ਪੁਲਿਸ ਅਤੇ ਸਥਾਨਕ ਅਧਿਕਾਰੀਆਂ ਨੂੰ ਦੇਣ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ‘ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ’ ਸਬੰਧੀ ਜਾਣਕਾਰੀ ਦੇਣ ਲਈ ਸਮਾਜਿਕ ਆਗੂਆਂ ਅਤੇ ਪ੍ਰਮੁੱਖ ਸਥਾਨਕ ਸ਼ਖਸੀਅਤਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ।
ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਦੱਸਿਆ ਕਿ ਹਾਲਾਂਕਿ ਸਿਵਲ ਡਿਫੈਂਸ ਮੌਕ ਡਰਿੱਲ ਹਰਿਆਣਾ ਦੇ 11 ਜ਼ਿਲ੍ਹਿਆਂ ਲਈ ਲਾਜ਼ਮੀ ਸੀ, ਪਰ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ ਸਾਰੇ ਜ਼ਿਲ੍ਹਿਆਂ ਵਿੱਚ ਇਹ ਡਰਿੱਲ ਕੀਤੀ ਜਾਵੇਗੀ। ਇਹ ਸ਼ਾਮ 4 ਵਜੇ ਸਾਇਰਨ ਵੱਜਣ ਨਾਲ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਨੇ ਆਫ਼ਤ ਪ੍ਰਬੰਧਨ ਐਕਟ, 2005 ਦੇ ਤਹਿਤ ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਘਟਨਾ ਪ੍ਰਤੀਕਿਰਿਆ ਪ੍ਰਣਾਲੀ (ਆਈਆਰਐਸ) ਨੂੰ ਰਸਮੀ ਤੌਰ ‘ਤੇ ਲਾਗੂ ਕਰ ਦਿੱਤਾ ਹੈ। 28 ਜਨਵਰੀ, 2025 ਨੂੰ ਅਧਿਸੂਚਿਤ ਇਸ ਪਹਿਲਕਦਮੀ ਦਾ ਮਕਸਦ ਪ੍ਰਤੀਕਿਰਿਆ ਪ੍ਰਣਾਲੀ ਨੂੰ ਸੁਚਾਰੂ ਕਰਨਾ, ਐਮਰਜੈਂਸੀ ਸਥਿਤੀਆਂ ਦੌਰਾਨ ਉਲਝਣ ਘਟਾਉਣਾ ਅਤੇ ਅਸਥਾਈ ਉਪਾਵਾਂ ‘ਤੇ ਨਿਰਭਰਤਾ ਨੂੰ ਘਟਾਉਣਾ ਹੈ।
ਆਈਆਰਐਸ ਢਾਂਚੇ ਦੇ ਹਿੱਸੇ ਵਜੋਂ, ਮੁੱਖ ਸਕੱਤਰ ਜ਼ਿੰਮੇਵਾਰ ਅਧਿਕਾਰੀ (ਆਰਓ) ਵਜੋਂ ਕੰਮ ਕਰਨਗੇ, ਜਦਕਿ ਵਿੱਤ ਕਮਿਸ਼ਨਰ ਰੈਵੇਨਿਊ (ਐਫਸੀਆਰ) ਅਤੇ ਵਧੀਕ ਮੁੱਖ ਸਕੱਤਰ, ਰੈਵੇਨਿਊ ਨੂੰ ਘਟਨਾ ਕਮਾਂਡਰ (ਆਈਸੀ) ਨਿਯੁਕਤ ਕੀਤਾ ਗਿਆ ਹੈ। ਪ੍ਰਭਾਵੀ ਸੰਚਾਰ ਅਤੇ ਸਮਨਵਯ ਲਈ ਜ਼ਿਲ੍ਹਾ ਘਟਨਾ ਸਮਨਵਯਕ (ਡੀਆਈਸੀ), ਨੋਡਲ ਅਧਿਕਾਰੀ, ਸੁਰੱਖਿਆ ਅਧਿਕਾਰੀ, ਸੰਪਰਕ ਅਧਿਕਾਰੀ ਅਤੇ ਸੂਚਨਾ ਤੇ ਮੀਡੀਆ ਅਧਿਕਾਰੀ ਵਰਗੀਆਂ ਅਹਿਮ ਭੂਮਿਕਾਵਾਂ ਵੀ ਨਿਰਧਾਰਤ ਕੀਤੀਆਂ ਗਈਆਂ ਹਨ।
ਡਾ. ਮਿਸ਼ਰਾ ਨੇ ਡਿਪਟੀ ਕਮਿਸ਼ਨਰਾਂ ਨੂੰ ਸਾਰੀਆਂ ਅੱਗ ਬੁਝਾਊ ਸੇਵਾਵਾਂ ਅਤੇ ਟਰੌਮਾ ਸੈਂਟਰਾਂ ਨੂੰ ਕਿਸੇ ਵੀ ਐਮਰਜੈਂਸੀ ਲਈ ਤਿਆਰ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਅਭਿਆਸ ਦਾ ਮਕਸਦ ਨਾਗਰਿਕਾਂ ਨੂੰ ਐਮਰਜੈਂਸੀ ਲਈ ਤਿਆਰ ਕਰਨਾ ਅਤੇ ਮੁਸ਼ਕਲ ਸਥਿਤੀਆਂ ਵਿੱਚ ਵੱਡੇ ਪੈਮਾਨੇ ‘ਤੇ ਘਬਰਾਹਟ ਨੂੰ ਰੋਕਣਾ ਹੈ। ਸ਼ਾਮ 7:50 ਤੋਂ 8:00 ਵਜੇ ਤੱਕ ਬਲੈਕਆਊਟ ਡਰਿੱਲ ਦੌਰਾਨ ਲੋਕਾਂ ਨੂੰ ਘਰਾਂ ਅੰਦਰ ਰਹਿਣ, ਖਿੜਕੀਆਂ ਤੋਂ ਦੂਰ ਰਹਿਣ ਅਤੇ ਜੇ ਗੱਡੀ ਚਲਾ ਰਹੇ ਹਨ ਤਾਂ ਗੱਡੀ ਨੂੰ ਸਾਈਡ ‘ਤੇ ਪਾਰਕ ਕਰਕੇ ਲਾਈਟਾਂ ਬੰਦ ਕਰਨ ਦੀ ਸਲਾਹ ਦਿੱਤੀ ਗਈ ਹੈ। ਅਲਰਟ ਦੌਰਾਨ ਘਰ ਦੀਆਂ ਅੰਦਰੂਨੀ ਅਤੇ ਬਾਹਰੀ ਸਾਰੀਆਂ ਲਾਈਟਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਅਤੇ ਇਨਵਰਟਰ ਜਾਂ ਵਿਕਲਪਕ ਬਿਜਲੀ ਸਪਲਾਈ ਨੂੰ ਵੀ ਡਿਸਕਨੈਕਟ ਕਰਨਾ ਹੋਵੇਗਾ। ‘ਆਪਰੇਸ਼ਨ ਅਭਿਆਸ’ ਦੌਰਾਨ ਨਿਕਾਸੀ, ਅੱਗ ਸੁਰੱਖਿਆ ਅਭਿਆਸ ਅਤੇ ਸੰਭਾਵੀ ਹਵਾਈ ਹਮਲਿਆਂ ਦੀ ਪੂਰਵ ਚੇਤਾਵਨੀ ਵੀ ਯਕੀਨੀ ਬਣਾਈ ਜਾਵੇਗੀ।
ਹਰਿਆਣਾ ਵਿੱਚ ਅੱਜ ਸ਼ਾਮ 4 ਵਜੇ ਹੋਵੇਗੀ ਮੌਕ ਡਰਿੱਲ, ਸ਼ਾਮ 7:50 ਤੋਂ 8:00 ਵਜੇ ਤੱਕ ਬੰਦ ਰਹਿਣਗੀਆਂ ਸਾਰੀਆਂ ਲਾਈਟਾਂ
