ਗੁਰਪ੍ਰੀਤ ਸਿੰਘ :- MP ਅੰਮ੍ਰਿਤਪਾਲ ਸਿੰਘ ਅੱਜ ਜੇਲ੍ਹ ਤੋਂ ਬਾਹਰ ਨਹੀਂ ਆਉਣਗੇ। ਉਨ੍ਹਾਂ ਦੀ ਪੈਰੋਲ ਅਤੇ ਰਿਹਾਈ ਨੂੰ ਲੈ ਕੇ ਅੱਜ ਮੁੜ ਅਦਾਲਤ ਵਿੱਚ ਸੁਣਵਾਈ ਹੋਵੇਗੀ। ਜਾਣਕਾਰੀ ਮੁਤਾਬਕ, ਬੀਤੇ ਕੱਲ੍ਹ ਅਦਾਲਤ ਨੇ 14 ਨਵੰਬਰ ਲਈ ਪੈਰੋਲ ਦੇਣ ਦਾ ਫੈਸਲਾ ਸੁਣਾਇਆ ਸੀ, ਪਰ ਹੁਣ ਪਰਿਵਾਰ ਵੱਲੋਂ 17 ਨਵੰਬਰ ਨੂੰ ਅੰਤ੍ਰਿਮ ਜ਼ਮਾਨਤ ਦੀ ਮੰਗ ਕੀਤੀ ਜਾਵੇਗੀ।
ਪੈਰੋਲ ਦੌਰਾਨ ਕਈ ਪਾਬੰਦੀਆਂ ਲਾਗੂ
ਅਦਾਲਤ ਵੱਲੋਂ ਪੈਰੋਲ ਸਬੰਧੀ ਕੁਝ ਸਖ਼ਤ ਸ਼ਰਤਾਂ ਵੀ ਲਗਾਈਆਂ ਗਈਆਂ ਹਨ। ਇਨ੍ਹਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਨੂੰ ਮੀਡੀਆ ਤੋਂ ਦੂਰ ਰਹਿਣਾ ਹੋਵੇਗਾ ਅਤੇ ਉਨ੍ਹਾਂ ਦੀਆਂ ਤਸਵੀਰਾਂ ਖਿੱਚਣ ‘ਤੇ ਵੀ ਰੋਕ ਹੋਵੇਗੀ। ਇਸ ਤੋਂ ਇਲਾਵਾ ਉਹ ਆਪਣੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਨੂੰ ਨਹੀਂ ਮਿਲ ਸਕਣਗੇ। ਅਸਮ ਤੋਂ ਪੰਜਾਬ ਲੈ ਕੇ ਆਉਣ ਤੱਕ ਖਰਚਾ ਪਰਿਵਾਰ ਚੁੱਕੇਗਾ। ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਨ੍ਹਾਂ ਸ਼ਰਤਾਂ ਦਾ ਮਕਸਦ ਪੈਰੋਲ ਦੌਰਾਨ ਨਿਰਧਾਰਤ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣਾ ਹੈ।
ਪਿਤਾ ਵੱਲੋਂ ਸੰਗਤ ਨੂੰ ਵੱਡਾ ਇਕੱਠ ਨਾ ਕਰਨ ਦੀ ਅਪੀਲ
ਇਸ ਮਾਮਲੇ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਵੱਲੋਂ ਵੀਡੀਓ ਜਾਰੀ ਕੀਤੀ ਗਈ ਹੈ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਫਿਲਹਾਲ ਕੋਈ ਵੀ ਵੱਡਾ ਇਕੱਠ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਦਾਲਤੀ ਪ੍ਰਕਿਰਿਆ ਅਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਧਿਆਨ ਵਿੱਚ ਰੱਖਦਿਆਂ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਹੁਣ ਸਭ ਦੀਆਂ ਨਜ਼ਰਾਂ ਅੱਜ ਹੋਣ ਵਾਲੀ ਅਦਾਲਤੀ ਸੁਣਵਾਈ ‘ਤੇ ਟਿਕੀਆਂ ਹੋਈਆਂ ਹਨ।
