ਰਾਣੀਆ ਹਲਕੇ ਚ ਸ਼ੁੱਧ ਪੇਜਲ ਸਪਲਾਈ ਨੂੰ ਲੈ ਕੇ ਸੰਸਦ ਮੈਂਬਰ ਕੁਮਾਰੀ ਸੈਲਜਾ ਨੇ ਸੀ.ਐਮ ਨੂੰ ਲਿਖਿਆ ਪੱਤਰ!

ਕਿਹਾ, ਜਮੀਨੀ ਪਾਣੀ ਕਾਰਨ ਵਧ ਰਹੀਆਂ ਹਨ ਜਲ-ਜਨਿਤ ਬਿਮਾਰੀਆਂ, ਕੈਂਸਰ ਦੇ ਕੇਸ ਵੀ ਆ ਰਹੇ ਹਨ ਸਾਹਮਣੇ

ਨੈਸ਼ਨਲ ਟਾਈਮਜ਼ ਬਿਊਰੋ :- ਅਖਿਲ ਭਾਰਤੀ ਕਾਂਗਰਸ ਕਮੇਟੀ ਦੀ ਮਹਾਸਚਿਵ, ਸਾਬਕਾ ਕੇਂਦਰੀ ਮੰਤਰੀ ਅਤੇ ਸਿਰਸਾ ਤੋਂ ਸੰਸਦ ਮੈਂਬਰ ਕੁਮਾਰੀ ਸੈਲਜਾ ਨੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਪੱਤਰ ਲਿਖ ਕੇ ਘੱਗਰ ਨਦੀ ਪਾਸਲੇ ਰਾਣੀਆ ਹਲਕੇ ਦੇ ਪਿੰਡਾਂ ‘ਚ ਸ਼ੁੱਧ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਲਿਖਿਆ ਕਿ ਇਲਾਕੇ ਦੇ ਲੋਕ ਜ਼ਮੀਨੀ ਪਾਣੀ ਪੀਣ ਨੂੰ ਮਜਬੂਰ ਹਨ, ਜੋ ਕਿ ਦੂਸ਼ਿਤ ਅਤੇ ਰਸਾਇਣਕ ਪਦਾਰਥਾਂ ਨਾਲ ਭਰਪੂਰ ਹੈ। ਇਸ ਕਾਰਨ ਇਥੇ ਜਲ-ਜਨਿਤ ਬਿਮਾਰੀਆਂ ਅਤੇ ਕੈਂਸਰ ਦੇ ਮਾਮਲੇ ਵਧ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਇਲਾਕੇ ‘ਚ ਪੀਣ ਲਈ ਭਾਖੜਾ ਨਹਿਰ ਦਾ ਪਾਣੀ ਉਪਲਬਧ ਕਰਵਾਇਆ ਜਾਵੇ ਅਤੇ ਬਿਮਾਰ ਲੋਕਾਂ ਦੀ ਜਾਂਚ ਲਈ ਮੈਡੀਕਲ ਟੀਮਾਂ ਭੇਜੀਆਂ ਜਾਣ।

ਸੈਲਜਾ ਨੇ ਪੱਤਰ ‘ਚ ਉਨ੍ਹਾਂ ਦੇ ਸੰਸਦੀ ਹਲਕੇ ਦੇ ਰਾਣੀਆ ਹਲਕੇ ਦੇ ਕਈ ਪਿੰਡਾਂ, ਖ਼ਾਸ ਕਰਕੇ ਸੰਤਨਗਰ ਪਿੰਡ ਦੇ ਵਾਸੀਆਂ ਦੀ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਲਿਖਿਆ ਕਿ ਇਹ ਲੋਕ ਕਈ ਸਾਲਾਂ ਤੋਂ ਸ਼ੁੱਧ ਪਾਣੀ ਲਈ ਸੰਘਰਸ਼ ਕਰ ਰਹੇ ਹਨ। ਇਲਾਕੇ ਵਿੱਚ ਜਮੀਨੀ ਪਾਣੀ ਹੀ ਪੀਣ ਦਾ ਮੁੱਖ ਸਰੋਤ ਹੈ, ਪਰ ਘੱਗਰ ਨਦੀ ਦੀ ਪ੍ਰਦੂਸ਼ਿਤਤਾ ਕਾਰਨ ਹੁਣ ਇਹ ਵੀ ਜ਼ਹਿਰੀਲਾ ਹੋ ਗਿਆ ਹੈ। ਪਹਿਲਾਂ ਕੁਝ ਪਿੰਡਾਂ ਨੂੰ ਭਾਖੜਾ ਨਹਿਰ ਤੋਂ ਪਾਣੀ ਮਿਲਦਾ ਸੀ, ਪਰ ਇਹ ਸਪਲਾਈ ਬੰਦ ਕਰ ਦਿੱਤੀ ਗਈ।ਸੰਤਨਗਰ ਪਿੰਡ ‘ਚ ਇੱਕੋ ਪਰਿਵਾਰ ‘ਚ ਤਿੰਨ-ਤਿੰਨ ਕੈਂਸਰ ਮਰੀਜ਼ ਹਨ। ਕੁਮਾਰੀ ਸੈਲਜਾ ਨੇ ਲਿਖਿਆ ਕਿ ਕਈ ਸਾਲ ਪਹਿਲਾਂ ਸੰਤਨਗਰ ਵਿੱਚ ਸ਼ੁੱਧ ਪਾਣੀ ਉਪਲਬਧ ਕਰਵਾਉਣ ਲਈ ਇੱਕ ਯੋਜਨਾ ਮਨਜ਼ੂਰ ਹੋਈ ਸੀ, ਜਿਸ ਤਹਿਤ ਦਲੀਪ ਨਗਰ ਵਿੱਚ ਵਾਟਰ ਟਰੀਟਮੈਂਟ ਪਲਾਂਟ ਲਗਾਇਆ ਗਿਆ, ਪਰ ਅੱਜ ਤੱਕ ਇਸ ਤੋਂ ਕੋਈ ਲਾਭ ਨਹੀਂ ਮਿਲਿਆ।

ਉਨ੍ਹਾਂ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਭਾਖੜਾ ਨਹਿਰ ਤੋਂ ਸ਼ੁੱਧ ਪਾਣੀ ਦੀ ਸਪਲਾਈ ਤੁਰੰਤ ਸ਼ੁਰੂ ਕੀਤੀ ਜਾਵੇ, ਇਲਾਕੇ ‘ਚ ਬਿਮਾਰੀਆਂ ਦੀ ਜਾਂਚ ਲਈ ਮੈਡੀਕਲ ਟੀਮਾਂ ਭੇਜੀਆਂ ਜਾਣ, ਕੈਂਸਰ ਪੀੜਤਾਂ ਦਾ ਇਲਾਜ ਸਰਕਾਰੀ ਖ਼ਰਚੇ ‘ਤੇ ਕਰਵਾਇਆ ਜਾਵੇ, ਅਤੇ ਹਰ ਪਿੰਡ ‘ਚ ਜਮੀਨੀ ਪਾਣੀ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਇਹ ਪਤਾ ਲੱਗ ਸਕੇ ਕਿ ਕਿਹੜੇ ਪਿੰਡਾਂ ‘ਚ ਪਾਣੀ ਪੀਣ ਯੋਗ ਹੈ ਜਾਂ ਨਹੀਂ।

ਸੈਲਜਾ ਨੇ ਦਾਅਵਾ ਕੀਤਾ ਕਿ ਸਿਰਸਾ ਜ਼ਿਲ੍ਹੇ ‘ਚ ਨਹਿਰੀ ਪਾਣੀ ਦੀ ਸਪਲਾਈ ‘ਚ ਭੇਦਭਾਵ ਕੀਤਾ ਜਾ ਰਿਹਾ ਹੈ। ਪਹਿਲਾਂ ਮਹੀਨੇ ‘ਚ ਤਿੰਨ ਹਫ਼ਤੇ ਨਹਿਰੀ ਪਾਣੀ ਮਿਲਦਾ ਸੀ, ਪਰ ਹੁਣ ਇਸਦੀ ਸਪਲਾਈ ਇੱਕ ਜਾਂ ਦੋ ਹਫ਼ਤੇ ਹੀ ਰਹਿ ਗਈ ਹੈ।ਉਨ੍ਹਾਂ ਕਿਹਾ ਕਿ ਇਸ ਕਾਰਨ ਪਾਣੀ ਸਟੋਰੇਜ਼ ਟੈਂਕ ਖਾਲੀ ਪਏ ਹਨ ਅਤੇ ਖੇਤਾਂ ਦੀ ਸਿੰਚਾਈ ਵੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਸਿਰਸਾ ਵਿੱਚ ਨਹਿਰੀ ਪਾਣੀ ਦੀ ਸਪਲਾਈ ਵਧਾਈ ਜਾਵੇ, ਤਾਂ ਜੋ ਲੋਕਾਂ ਨੂੰ ਪੀਣ ਲਈ ਸ਼ੁੱਧ ਪਾਣੀ ਮਿਲ ਸਕੇ ਅਤੇ ਖੇਤਾਂ ਦੀ ਸਮੇਂ-ਸਿਰ ਸਿੰਚਾਈ ਹੋ ਸਕੇ।ਸੈਲਜਾ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਸਿਰਸਾ ਜ਼ਿਲ੍ਹੇ ਦੀ ਪਾਣੀ ਸਪਲਾਈ ‘ਤੇ ਹੋ ਰਹੀ ਕਟੌਤੀ ਨੂੰ ਰੋਕੇ ਅਤੇ ਯਕੀਨੀ ਬਣਾਏ ਕਿ ਲੋਕਾਂ ਨੂੰ ਮਿਆਰੀ ਅਤੇ ਲਗਾਤਾਰ ਪੀਣਯੋਗ ਪਾਣੀ ਉਪਲਬਧ ਹੋਵੇ।

By Balwinder Singh

Leave a Reply

Your email address will not be published. Required fields are marked *