ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਵਿੱਚ ਹੋਏ ਇਕ ਵਿਸ਼ੇਸ਼ ਸਮਾਗਮ ਦੌਰਾਨ ਬਾਰ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਅਤੇ ਬਿਹਾਰ ਤੋਂ ਰਾਜ ਸਭਾ ਸਾਂਸਦ ਮਨਨ ਕੁਮਾਰ ਮਿਸ਼ਰਾ ਨੇ ਪੰਜਾਬ ਦੀ ਤਰੱਕੀ ਵਿੱਚ ਹਿੱਸਾ ਪਾਉਣ ਵਾਲੇ ਬਿਹਾਰੀ ਉਦਯੋਗਪਤੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੇ ਅੰਮ੍ਰਿਤਸਰ ਬਾਰ ਕੌਂਸਲ ਨੂੰ 12 ਲੱਖ ਰੁਪਏ ਦੀ ਗ੍ਰਾਂਟ ਵੀ ਐਲਾਨੀ।
ਇਸ ਮੌਕੇ ‘ਤੇ ਉਨ੍ਹਾਂ ਨੇ ਭਾਜਪਾ ਵਿਧਿ ਪ੍ਰਕੋਸ਼ਠ ਬਿਹਾਰ ਦੇ ਸੰਯੋਜਕ ਬਿਧਿਆੰਚਲ ਰਾਏ, ਬਾਰ ਕੌਂਸਲ ਆਫ਼ ਪੰਜਾਬ-ਹਰਿਆਣਾ ਦੇ ਚੇਅਰਮੈਨ ਡਾ. ਵਿਜੇਂਦਰ ਸਿੰਘ ਅਹਲਾਵਤ ਅਤੇ ਹੋਰ ਕਈ ਵਕੀਲਾਂ ਨਾਲ ਮੀਟਿੰਗ ਕੀਤੀ। ਬਾਰ ਕੌਂਸਲ ਆਫ਼ ਅੰਮ੍ਰਿਤਸਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨੇਸਰ ਨੇ ਉਨ੍ਹਾਂ ਦਾ ਗਲਾਬਾਂ ਦੀ ਮਾਲਾ ਅਤੇ ਸਮਾਰਕ ਚਿੰਨ੍ਹ ਨਾਲ ਸਵਾਗਤ ਕੀਤਾ। ਮਨਨ ਕੁਮਾਰ ਮਿਸ਼ਰਾ ਨੇ ਕਿਹਾ ਕਿ ਬਾਰ ਅੰਮ੍ਰਿਤਸਰ ਵਲੋਂ ਵਕੀਲਾਂ ਦੀ ਭਲਾਈ ਲਈ ਟੋਲ ਟੈਕਸ ਛੋਟ, ਨਵੇਂ ਵਕੀਲਾਂ ਲਈ ਮਾਸਿਕ ਵਜ਼ੀਫ਼ੇ ਅਤੇ ਹੋਰ ਮਾਲੀ ਸਹਾਇਤਾ ਜਿਵੇਂ ਮਾਮਲਿਆਂ ਦੀ ਮੰਗ ਕੀਤੀ ਗਈ, ਜਿਸ ‘ਤੇ ਜਲਦੀ ਕਾਰਵਾਈ ਕੀਤੀ ਜਾਵੇਗੀ।
ਸਾਂਸਦ ਨੇ ਬਿਹਾਰੀ ਉਦਯੋਗਪਤੀਆਂ, ਜਿਵੇਂ ਕਿ ਧਨਵੰਤਰੀ ਦੇ ਮਾਲਕ ਜੇ.ਪੀ. ਸਿੰਘ, ਆਰ.ਸੀ. ਯਾਦਵ, ਸੁਗਰੀਵ ਸਿੰਘ, ਸੁਖਦੇਵ ਪਾਲ, ਉਮਾ ਸ਼ੰਕਰ ਸਿੰਘ ਅਤੇ ਹੋਰ ਕਈ ਬਿਹਾਰੀ ਉੱਦਮੀ ਜੋ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾ ਰਹੇ ਹਨ, ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ।ਉਨ੍ਹਾਂ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਬਿਹਾਰ ਵਿੱਚ ਅਪਰਾਧ ਅਤੇ ਅਰਾਜਕਤਾ ਚਲ ਰਹੀ ਸੀ, ਜਿਸ ਕਰਕੇ ਨਿਵੇਸ਼ਕ ਵੀ ਡਰਦੇ ਸਨ। ਪਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੈਤ੍ਰਤਵ ਵਿੱਚ ਬਿਹਾਰ ਤਰੱਕੀ ਦੀ ਨਵੀਂ ਦੌੜ ‘ਚ ਸ਼ਾਮਲ ਹੋ ਗਿਆ ਹੈ। ਨਵੇਂ ਐਕਸਪ੍ਰੈੱਸਵੇਅ, ਸੜਕਾਂ, ਉਚੇਰੇ ਵਿਦਿਅਕ ਸੰਸਥਾਨ ਅਤੇ ਉਦਯੋਗਕ ਸੈਕਟਰ ਵਿੱਚ ਵਿਕਾਸ ਹੋ ਰਿਹਾ ਹੈ।
ਮਿਸ਼ਰਾ ਨੇ ਪੰਜਾਬ ਵਿੱਚ ਰਹਿ ਰਹੇ ਬਿਹਾਰ ਦੇ ਲੋਕਾਂ ਨੂੰ ‘ਬਿਹਾਰ ਦਿਵਸ’ ਦੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਨੇ ਬਿਹਾਰੀ ਭਾਈਚਾਰੇ ਨੂੰ ਇੱਕ ਮਜ਼ਬੂਤ ਮੰਚ ਦਿਤਾ ਹੈ। ਪੰਜਾਬ ਦੀ ਮਿੱਟੀ ਨੇ ਉਨ੍ਹਾਂ ਨੂੰ ਕਿਰਤੀ ਬਣਾਇਆ ਹੈ, ਜਦਕਿ ਬਿਹਾਰ ਨੇ ਉਨ੍ਹਾਂ ਨੂੰ ਮਿਹਨਤ ਤੇ ਜਜ਼ਬੇ ਦੀ ਸ਼ਕਤੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਬਿਹਾਰ ਅਤੇ ਪੰਜਾਬ ਦੇ ਰਿਸ਼ਤੇ ਇਤਿਹਾਸਕ ਹਨ, ਕਿਉਂਕਿ ਇਹ ਧਰਤੀ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਭੂਮੀ ਵੀ ਰਹੀ ਹੈ।
