ਨੈਸ਼ਨਲ ਟਾਈਮਜ਼ ਬਿਊਰੋ :- ਰਾਜ ਸਭਾ ਮੈਂਬਰ ਅਤੇ ਪ੍ਰਸਿੱਧ ਸਮਾਜ ਸੇਵੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਰੂਸ ਦੀ ਫੌਜ ਵਿੱਚ ਫਸੇ ਭਾਰਤੀ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਗੰਭੀਰ ਪੱਤਰ ਲਿਖਿਆ ਗਿਆ ਹੈ। ਸੰਤ ਸੀਚੇਵਾਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹੁਣ ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਭਾਰਤ ਦੇ ਦੌਰੇ ‘ਤੇ ਹਨ, ਤਾਂ ਇਸ ਸੰਵੇਦਨਸ਼ੀਲ ਮਸਲੇ ਨੂੰ ਉਨ੍ਹਾਂ ਦੇ ਸਾਹਮਣੇ ਤਰਜੀਹੀ ਅਧਾਰ ‘ਤੇ ਉਠਾਇਆ ਜਾਵੇ।
ਸੰਤ ਸੀਚੇਵਾਲ ਨੇ ਆਪਣੇ ਪੱਤਰ ਵਿੱਚ ਦੱਸਿਆ ਕਿ ਕਈ ਭਾਰਤੀ ਨੌਜਵਾਨ ਰੂਸ ਕਿਸੇ ਹੋਰ ਕੰਮ ਦੇ ਮੰਤਵ ਨਾਲ ਗਏ ਸਨ, ਪਰ ਕੁਝ ਟ੍ਰੈਵਲ ਏਜੰਟਾਂ ਨੇ ਉਨ੍ਹਾਂ ਨੂੰ ਝਾਂਸਾ ਦੇ ਕੇ ਰੂਸੀ ਫੌਜ ਵਿੱਚ ਜ਼ਬਰਦਸਤੀ ਭਰਤੀ ਕਰਵਾ ਦਿੱਤਾ। ਬਿਨਾਂ ਪੂਰੀ ਫੌਜੀ ਸਿਖਲਾਈ ਦੇ ਇਨ੍ਹਾਂ ਨੌਜਵਾਨਾਂ ਨੂੰ ਅਧੁਨਿਕ ਹਥਿਆਰ ਫੜਾ ਕੇ ਸਿੱਧਾ ਯੂਕਰੇਨ ਸਰਹੱਦ ‘ਤੇ ਜੰਗ ਲਈ ਭੇਜਿਆ ਗਿਆ, ਜੋ ਕਿ ਬਹੁਤ ਹੀ ਗੰਭੀਰ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਮਾਮਲਾ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰਾਜ ਸਭਾ ਦੇ ਮਾਨਸੂਨ ਇਜਲਾਸ ਦੌਰਾਨ 24 ਜੁਲਾਈ 2025 ਨੂੰ ਇਸ ਮਸਲੇ ਬਾਰੇ ਸਰਕਾਰ ਤੋਂ ਸਵਾਲ ਕੀਤਾ ਗਿਆ ਸੀ, ਜਿਸ ਦੇ ਜਵਾਬ ਵਿੱਚ ਦੱਸਿਆ ਗਿਆ ਸੀ ਕਿ ਕੁੱਲ 127 ਭਾਰਤੀ ਨੌਜਵਾਨ ਰੂਸ ਦੀ ਫੌਜ ਵਿੱਚ ਭਰਤੀ ਹੋਏ ਸਨ। ਇਨ੍ਹਾਂ ਵਿੱਚੋਂ 98 ਨੌਜਵਾਨ ਭਾਰਤ ਵਾਪਸ ਲਿਆਏ ਜਾ ਚੁੱਕੇ ਹਨ, ਜਦਕਿ 13 ਨੌਜਵਾਨ ਅਜੇ ਵੀ ਰੂਸੀ ਫੌਜ ਵਿੱਚ ਹਨ, ਜਿਨ੍ਹਾਂ ਵਿੱਚੋਂ 12 ਨੌਜਵਾਨ ਅਜੇ ਤੱਕ ਲਾਪਤਾ ਹਨ।
ਸੰਤ ਸੀਚੇਵਾਲ ਨੇ ਪ੍ਰਧਾਨ ਮੰਤਰੀ ਮੋਦੀ ਕੋਲ ਮੰਗ ਕੀਤੀ ਕਿ ਰੂਸ ਦੇ ਰਾਸ਼ਟਰਪਤੀ ਦੇ ਭਾਰਤ ਦੌਰੇ ਦੌਰਾਨ ਦੋਨੋਂ ਦੇਸ਼ਾਂ ਦੇ ਨੇਤ੍ਰਿਤਵ ਪੱਧਰ ‘ਤੇ ਇਹ ਮਸਲਾ ਉਠਾ ਕੇ ਬਾਕੀ ਫਸੇ ਹੋਏ ਭਾਰਤੀ ਨੌਜਵਾਨਾਂ ਦੀ ਸੁਰੱਖਿਅਤ ਅਤੇ ਤੁਰੰਤ ਵਾਪਸੀ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਕੂਟਨੀਤਕ ਮਸਲਾ ਨਹੀਂ, ਸਗੋਂ ਬੇਕਸੂਰ ਪਰਿਵਾਰਾਂ ਦੇ ਦੁੱਖ ਨਾਲ ਜੁੜਿਆ ਮਨੁੱਖੀ ਸੰਵੇਦਨਾ ਦਾ ਮਸਲਾ ਹੈ। ਅੱਜ ਵੀ ਕਈ ਮਾਪੇ ਆਪਣੇ ਬੱਚਿਆਂ ਦੀ ਉਡੀਕ ਵਿੱਚ ਹਰ ਦਿਨ ਪ੍ਰਭੂ ਅੱਗੇ ਅਰਦਾਸ ਕਰ ਰਹੇ ਹਨ।
