ਗੁਰਪ੍ਰੀਤ ਸਿੰਘ :- ਲੋਕ ਸਭਾ ਹਲਕਾ ਫਰੀਦਕੋਟ ਤੋਂ ਸੰਸਦ ਮੈਂਬਰ ਭਾਈ ਸਰਬਜੀਤ ਸਿੰਘ ਖਾਲਸਾ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਹਰੀਕੇ ਪੱਤਣ ਵਿਖੇ ਯਾਦਗਾਰ ਬਣਾਉਣ ਲਈ ਆਪਣੀ ਸੰਸਦੀ ਸਥਾਨਕ ਖੇਤਰ ਵਿਕਾਸ ਯੋਜਨਾ (ਐੱਮਪੀਲੈਡ) ਦੇ ਫੰਡ ਵਿੱਚੋਂ ਇੱਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਯਾਦਗਾਰ ਲਈ ਜਲਦ ਸਰਕਾਰੀ ਜ਼ਮੀਨ ਮੁਹੱਈਆ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਸੱਚ ਤੇ ਨਿਆਂ ਲਈ ਆਪਣਾ ਜੀਵਨ ਕੁਰਬਾਨ ਕੀਤਾ, ਜਿਸ ਦਾ ਸੰਘਰਸ਼ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਹੈ। ਉਨ੍ਹਾਂ ਕਿਹਾ ਕਿ ਬਣਨ ਵਾਲੀ ਯਾਦਗਾਰ ਸਿਰਫ਼ ਯਾਦਗਾਰੀ ਸਥਾਨ ਨਹੀਂ, ਸਗੋਂ ਸੱਚ, ਨਿਆਂ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਕੀਤੇ ਗਏ ਸੰਘਰਸ਼ ਦੀ ਪ੍ਰੇਰਣਾ ਦਾ ਕੇਂਦਰ ਬਣੇਗੀ ਅਤੇ ਇਸ ਰਾਹੀਂ ਨੌਜਵਾਨ ਪੀੜ੍ਹੀ ਨੂੰ ਭਾਈ ਖਾਲੜਾ ਦੇ ਜੀਵਨ, ਵਿਚਾਰਾਂ ਅਤੇ ਕੁਰਬਾਨੀ ਬਾਰੇ ਜਾਣਕਾਰੀ ਮਿਲੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਐੱਮਪੀਲੈਡ ਯੋਜਨਾ ਦੇ ਨਿਯਮਾਂ ਅਨੁਸਾਰ ਨਿੱਜੀ ਜ਼ਮੀਨ ‘ਤੇ ਫੰਡ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ, ਇਸ ਲਈ ਯਾਦਗਾਰ ਦੇ ਨਿਰਮਾਣ ਲਈ ਸਰਕਾਰੀ ਜ਼ਮੀਨ ਉਪਲਬਧ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਸਰਕਾਰ ਲੋਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਜਲਦੀ ਫੈਸਲਾ ਲਵੇਗੀ, ਜਿਸ ਨਾਲ ਇਸ ਇਤਿਹਾਸਕ ਯਾਦਗਾਰ ਦੇ ਨਿਰਮਾਣ ਦਾ ਰਾਹ ਪੱਧਰਾ ਹੋ ਸਕੇਗਾ।
ਸਰਕਾਰੀ ਜ਼ਮੀਨ ਮਿਲਣ ‘ਤੇ ਹੀ ਜਾਰੀ ਹੋਵੇਗਾ 1 ਕਰੋੜ ਦਾ ਫੰਡ
ਸੰਸਦ ਮੈਂਬਰ ਭਾਈ ਸਰਬਜੀਤ ਸਿੰਘ ਖਾਲਸਾ ਨੇ ਸਪੱਸ਼ਟ ਕੀਤਾ ਕਿ ਸੰਸਦੀ ਸਥਾਨਕ ਖੇਤਰ ਵਿਕਾਸ ਯੋਜਨਾ (ਐੱਮਪੀਲੈਡ) ਦੇ ਨਿਯਮਾਂ ਅਨੁਸਾਰ ਨਿੱਜੀ ਜ਼ਮੀਨ ‘ਤੇ ਫੰਡ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਇਸ ਲਈ ਹਰੀਕੇ ਪੱਤਣ ਵਿਖੇ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦਗਾਰ ਦੇ ਨਿਰਮਾਣ ਲਈ ਪੰਜਾਬ ਸਰਕਾਰ ਵੱਲੋਂ ਸਰਕਾਰੀ ਜ਼ਮੀਨ ਮੁਹੱਈਆ ਕਰਵਾਉਣਾ ਲਾਜ਼ਮੀ ਹੈ। ਉਨ੍ਹਾਂ ਸਰਕਾਰ ਨੂੰ ਇਸ ਮਾਮਲੇ ਵਿੱਚ ਜਲਦੀ ਫੈਸਲਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਯਾਦਗਾਰ ਦੇ ਨਿਰਮਾਣ ਦਾ ਰਾਹ ਪੱਧਰਾ ਹੋ ਸਕੇਗਾ।
