ਡੇਰਾਬੱਸੀ: ਸ਼ਕਤੀ ਨਗਰ ‘ਚ 1400 ਗਜ਼ ‘ਚ ਨਜਾਇਜ਼ ਕਲੋਨੀ ਕੱਟਣ ਦਾ ਮੁੱਲਾ, ਨਗਰ ਕੌਂਸਲ ਨੇ ਲਿਆ ਸਖ਼ਤ ਨੋਟਿਸ

ਡੇਰਾਬੱਸੀ, 28 ਅਪ੍ਰੈਲ (ਗੁਰਪ੍ਰੀਤ ਸਿੰਘ) : ਡੇਰਾਬੱਸੀ ਇਲਾਕੇ ਵਿੱਚ ਨਜਾਇਜ਼ ਕਲੋਨੀਆਂ ਦੀ ਬਣਤਰ ਰੁਕਣ ਦਾ ਨਾਮ ਨਹੀਂ ਲੈ ਰਹੀ। ਭਾਵੇਂ ਸਰਕਾਰ ਵੱਲੋਂ ਨਜਾਇਜ਼ ਰਜਿਸਟਰੀਆਂ ਅਤੇ ਨਕਸ਼ਿਆਂ ਉੱਤੇ ਰੋਕ ਲਾਉਣ ਲਈ ਕਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਪਰ ਫਿਰ ਵੀ ਕੁਝ ਡੀਲਰ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ।

ਸ਼ਕਤੀ ਨਗਰ ਡੇਰਾਬੱਸੀ ਦੀ ਗਲੀ ਨੰਬਰ ਦੋ ਵਿੱਚ ਲਗਭਗ 1400 ਗਜ਼ ਦੀ ਜਗ੍ਹਾ ਵਿੱਚ ਕੱਚੀਆਂ ਗਲੀਆਂ ਪਾ ਕੇ ਨਾਜਾਇਜ਼ ਕਲੋਨੀ ਕੱਟੀ ਜਾ ਰਹੀ ਹੈ। ਇਸ ਸਬੰਧੀ ਕਲੋਨੀ ਵਾਸੀਆਂ ਨੇ ਲਿਖਤੀ ਦਰਖ਼ਾਸਤ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਦਿੱਤੀ ਹੈ।

ਕਲੋਨੀ ਵਾਸੀ ਸਮਾਜ ਸੇਵੀ ਪਰਮਜੀਤ ਰੰਮੀ ਸੈਣੀ, ਤਰਸੇਮ ਲਾਲ ਸੈਣੀ, ਸੰਦੀਪ ਸੈਣੀ, ਮੋਨੂ , ਰਜੇਸ਼ , ਕੁਲਵਿੰਦਰ ਕੌਰ , ਅਭੇ ਸਿੰਘ , ਮਨੋਜ ਮਿੱਤਲ , ਰਾਮ ਵਰਮਾ , ਸੋਨੀਆ ਵਰਮਾ , ਮੀਨਾ ਬਖਸ਼ੀ , ਮੰਗਲ ਰਾਮ ਨਾਰੰਗ, ਵਿਮਲ ਚੌਧਰੀ ਆਦਿ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਮੰਗ ਪੱਤਰ ਦਿੰਦਿਆਂ ਦੱਸਿਆ ਕਿ ਸ਼ਕਤੀ ਨਗਰ ਗਲੀ ਨੰਬਰ ਦੋ ਵਿੱਚ ਲਗਭਗ 1400 ਗਜ਼ ਜਗ੍ਹਾ ਵਿੱਚ ਨਾਜਾਇਜ਼ ਤੌਰ ਤੇ ਕਲੋਨੀ ਕੱਟੀ ਜਾ ਰਹੀ ਹੈ। ਕਾਲੋਨਾਈਜ਼ਰ ਵੱਲੋਂ 20 ਫੁੱਟ ਦੀ ਕੱਚੀ ਗਲੀ ਬਣਾ ਕੇ ਪਲਾਟਾਂ ਦੀਆਂ ਨਿਸ਼ਾਨੀਆਂ ਲਗਾਈਆਂ ਗਈਆਂ ਹਨ। ਕੱਚਾ ਨਕਸ਼ਾ ਦਿਖਾ ਕੇ ਲੋਕਾਂ ਨੂੰ ਗੁਮਰਾਹ ਕਰਕੇ ਪਲਾਟ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨਗਰ ਕੌਂਸਲ ਦੇ ਕਾਰਜ਼ ਸਾਧਕ ਅਫਸਰ ਤੋਂ ਮੰਗ ਕੀਤੀ ਨਾਜਾਇਜ਼ ਕਲੋਨੀਆਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਜਿਸ ਨਾਲ ਕਿਸੇ ਵਿਅਕਤੀ ਦੀ ਉਮਰ ਭਰ ਦੀ ਕਮਾਈ ਇਹਨਾਂ ਨਾਜਾਇਜ਼ ਕਲੋਨੀਆਂ ਵਿੱਚ ਫਸ ਕੇ ਨਾ ਰਹਿ ਜਾਵੇ।

ਨਗਰ ਕੌਂਸਲ ਦੇ ਕਾਰਜ ਸਧਕ ਅਫਸਰ ਵਿਜੇ ਜਿੰਦਲ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਨਾਜਾਇਜ਼ ਕਲੋਨੀ ਕੱਟਣ ਨਹੀਂ ਦਿੱਤੀ ਜਾਵੇਗੀ ਅਤੇ ਨਾ ਹੀ ਇਹਨਾਂ ਨਜਾਇਜ਼ ਕਲੋਨੀਆਂ ਦੇ ਨਕਸ਼ੇ ਪਾਸ ਕੀਤੇ ਜਾਣਗੇ। ਉਹਨਾਂ ਕਿਹਾ ਕਿ ਉਹ ਜਲਦ ਤੋਂ ਜਲਦ ਆਪਣਾ ਅਧਿਕਾਰੀ ਭੇਜ ਕੇ ਇਸ ਕਲੋਨੀ ਬਾਰੇ ਪਤਾ ਕਰਨਗੇ। ਜੇਕਰ ਨਜਾਇਜ਼ ਪਾਈ ਗਈ ਤਾਂ ਤੁਰੰਤ ਕੰਮ ਬੰਦ ਕਰਾ ਦਿੱਤਾ ਜਾਵੇਗਾ।

ਨਗਰ ਕੌਂਸਲ ਦੇ ਪ੍ਰਧਾਨ ਆਸ਼ੂ ਉਪਨੇਜਾ ਨੇ ਕਿਹਾ ਸਰਕਾਰ ਦੇ ਹੁਕਮਾਂ ਮੁਤਾਬਿਕ ਕਿਸੇ ਨੂੰ ਵੀ ਨਜਾਇਜ਼ ਕਲੋਨੀ ਕੱਟਣ ਨਹੀਂ ਦਿੱਤੀ ਜਾਵੇਗੀ। ਜੇਕਰ ਕਿਸੇ ਨੇ ਇਸ ਤਰ੍ਹਾਂ ਦੀ ਕਲੋਨੀ ਕੱਟੀ ਹੈ ਤਾਂ ਨਗਰ ਕੌਂਸਲ ਵੱਲੋਂ ਕਾਨੂੰਨ ਮੁਤਾਬਿਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

By Gurpreet Singh

Leave a Reply

Your email address will not be published. Required fields are marked *