5 ਮਹੀਨੇ ਪਹਿਲਾਂ ਹੋਏ ਕਤਲ ਦੀ ਗੁੱਥੀ ਸੁਲਝਾਈ; ਘਰ ਵਿੱਚ ਟੋਆ ਪੁੱਟ ਕੇ ਦੱਬੀ ਲਾਸ਼ ਕੀਤੀ ਬਰਾਮਦ

ਗੁਰਪ੍ਰੀਤ ਸਿੰਘ :- ਹਰਵਿੰਦਰ ਸਿੰਘ ਵਿਰਕ ਪੀਪੀਐੱਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਲੰਧਰ ਦਿਹਾਤੀ ਪੁਲਿਸ ਵੱਲੋਂ ਗੰਭੀਰ ਅਪਰਾਧਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ  ਕਤਲ ਦੇ ਮਾਮਲੇ ਦੀ ਗੁੱਥੀ ਸੁਲਝਾਉਂਦੇ ਹੋਏ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਵਿਨੀਤ ਅਹਿਲਾਵਤ, ਆਈਪੀਐੱਸ ਪੁਲਿਸ ਕਪਤਾਨ ਤਫਤੀਸ਼ ਅਤੇ ਉਂਕਾਰ ਸਿੰਘ ਬਰਾੜ ਦੀ ਅਗਵਾਈ ਹੇਠ ਸਬ ਇੰਸਪੈਕਟਰ ਦਿਲਬਾਗ ਸਿੰਘ ਮੁੱਖ ਅਫਸਰ ਥਾਣਾ ਸਦਰ ਨਕੋਦਰ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਅਧੁਨਿਕ ਤੇ ਟੈਕਨੀਕਲ ਤਰੀਕਿਆਂ ਨਾਲ ਮੁਲਜ਼ਮ ਗੁਰਦੇਵ ਸਿੰਘ ਨੂੰ ਟਰੇਸ ਕਰਕੇ ਗ੍ਰਿਫਤਾਰ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਂਕਾਰ ਸਿੰਘ ਬਰਾੜ, ਉਪ ਪੁਲਿਸ ਕਪਤਾਨ ਸਬ-ਡਵੀਜ਼ਨ ਨਕੋਦਰ ਨੇ ਦੱਸਿਆ ਕਿ ਮਿਤੀ 01.04.2026 ਨੂੰ ਅਮਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪੱਤੀ ਅਕਲਪੁਰ ਮਲਸੀਆਂ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਵੱਲੋਂ ਦਰਖ਼ਾਸਤ ਦਿੱਤੀ ਗਈ ਕਿ ਉਸਦਾ ਚਾਚਾ ਅਮਰਜੀਤ ਸਿੰਘ ਪੁੱਤਰ ਅਜਮੇਰ ਸਿੰਘ (45) ਜੋ ਲਗਭਗ 20 ਸਾਲ ਤੋਂ ਗੁਰਦੇਵ ਸਿੰਘ ਨਾਲ ਕੰਮ ਕਰਦਾ ਸੀ, ਨਵੰਬਰ 2025 ਤੋਂ ਘਰ ਨਹੀਂ ਆਇਆ।

ਸ਼ੱਕ ਦੇ ਆਧਾਰ ਉਤੇ ਗੁਰਦੇਵ ਸਿੰਘ ਖ਼ਿਲਾਫ਼ ਮੁਕੱਦਮਾ ਨੰਬਰ 63 ਮਿਤੀ 01.04.2026 ਅਧੀਨ ਧਾਰਾ 103, 238 BNS ਥਾਣਾ ਸਦਰ ਨਕੋਦਰ ਵਿੱਚ ਦਰਜ ਕੀਤਾ ਗਿਆ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸ ਨੇ 13.11.2025 ਨੂੰ ਅਮਰਜੀਤ ਸਿੰਘ ਦਾ ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਆਪਣੇ ਘਰ ਵਿੱਚ ਬਾਥਰੂਮ ਨੇੜੇ ਲਗਭਗ 5-6 ਫੁੱਟ ਡੂੰਘਾ ਖੱਡਾ ਪੁੱਟ ਕੇ ਬੋਰੇ ਵਿੱਚ ਪਾ ਕੇ ਦੱਬ ਦਿੱਤਾ ਸੀ। 

ਡਿਊਟੀ ਮੈਜਿਸਟ੍ਰੇਟ ਪਵਨਦੀਪ ਸਿੰਘ ਦੀ ਹਾਜ਼ਰੀ ਵਿੱਚ ਪੁਲਿਸ ਪਾਰਟੀ ਨੇ ਮੁਲਜ਼ਮ ਦੀ ਨਿਸ਼ਾਨਦੇਹੀ ਉਤੇ ਪਿੰਡ ਗਾਂਧਰਾ ਵਿਖੇ ਉਸਦੇ ਘਰ ਤੋਂ ਬਾਥਰੂਮ ਨੇੜੇ ਖੁਦਾਈ ਕਰਕੇ ਮ੍ਰਿਤਕ ਅਮਰਜੀਤ ਸਿੰਘ ਦੀ ਦੱਬੀ ਹੋਈ ਲਾਸ਼ ਬਰਾਮਦ ਕੀਤੀ। ਇਸ ਮੌਕੇ ਪਿੰਡ ਗਾਂਧਰਾ ਅਤੇ ਮਲਸੀਆਂ ਪੱਤੀ ਅਕਲਪੁਰ ਦੀਆਂ ਪੰਚਾਇਤਾਂ ਵੀ ਮੌਜੂਦ ਸਨ। ਲਾਸ਼ ਦਾ ਪੋਸਟਮਾਰਟਮ ਡਾਕਟਰੀ ਟੀਮ ਦੇ ਬੋਰਡ ਰਾਹੀਂ ਕਰਵਾਇਆ ਜਾਵੇਗਾ ਅਤੇ ਮ੍ਰਿਤਕ ਦੇ ਡੀਐਨਏ ਸੈਂਪਲ ਵੀ ਲਏ ਜਾਣਗੇ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਸਕੇ।

By Gurpreet Singh

Leave a Reply

Your email address will not be published. Required fields are marked *