ਨਵਨੀਤ ਚਤੁਰਵੇਦੀ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਨਵਨੀਤ ਚਤੁਰਵੇਦੀ ਮਾਮਲੇ ਨੇ ਆਖਿਰਕਾਰ ਵੱਡਾ ਮੋੜ ਲੈ ਲਿਆ ਹੈ। ਰਾਜ ਸਭਾ ਦੀ ਉਪਚੋਣ ਨਾਲ ਜੁੜੇ ਜਾਲਸਾਜ਼ੀ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਨਵਨੀਤ ਚਤੁਰਵੇਦੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰੋਪੜ ਪੁਲਿਸ ਨੇ ਉਸ ਵਿਰੁੱਧ ਐਫਆਈਆਰ ਦਰਜ ਕੀਤੀ ਸੀ, ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਚਤੁਰਵੇਦੀ ਨੇ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਦੇ ਹਸਤਾਖਰ ਜਾਲਸਾਜ਼ੀ ਨਾਲ ਵਰਤੇ ਅਤੇ ਰਾਜ ਸਭਾ ਚੋਣ ਲਈ ਨਕਲੀ ਦਸਤਾਵੇਜ਼ਾਂ ਨਾਲ ਨਾਮਜ਼ਦਗੀ ਪੱਤਰ ਭਰਨ ਦੀ ਕੋਸ਼ਿਸ਼ ਕੀਤੀ। ਇਹ ਮਾਮਲਾ ਉਸ ਵੇਲੇ ਵਧ ਗਿਆ ਜਦੋਂ ਰੋਪੜ ਪੁਲਿਸ ਉਸਨੂੰ ਗ੍ਰਿਫ਼ਤਾਰ ਕਰਨ ਚੰਡੀਗੜ੍ਹ ਪਹੁੰਚੀ, ਪਰ ਚੰਡੀਗੜ੍ਹ ਪੁਲਿਸ ਨੇ ਉਸਨੂੰ ਸੁਰੱਖਿਆ ਹੇਠ ਰੱਖਿਆ ਤੇ ਗ੍ਰਿਫ਼ਤਾਰੀ ਰੋਕ ਲਈ। ਦੋਵੇਂ ਪਾਸਿਆਂ ਵਿੱਚ ਕਈ ਘੰਟਿਆਂ ਤੱਕ ਤਣਾਅ ਬਣਿਆ ਰਿਹਾ ਅਤੇ ਆਖ਼ਰਕਾਰ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੱਕ ਪਹੁੰਚ ਗਿਆ। ਹਾਈਕੋਰਟ ਵਿੱਚ ਚਤੁਰਵੇਦੀ ਨੇ ਆਪਣੀ ਜਾਨ ਨੂੰ ਖ਼ਤਰਾ ਹੋਣ ਦੀ ਗੱਲ ਕਹੀ ਤੇ ਗ੍ਰਿਫ਼ਤਾਰੀ ਤੋਂ ਸੁਰੱਖਿਆ ਮੰਗੀ ਸੀ। ਹਾਲਾਂਕਿ, ਰੋਪੜ ਅਦਾਲਤ ਵੱਲੋਂ ਗ੍ਰਿਫ਼ਤਾਰੀ ਆਦੇਸ਼ ਜਾਰੀ ਹੋਣ ਤੋਂ ਬਾਅਦ ਪੰਜਾਬ ਪੁਲਿਸ ਨੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਉਸਨੂੰ ਹਿਰਾਸਤ ਵਿੱਚ ਲੈ ਲਿਆ। ਇਸ ਸਮੇਂ ਉਹ ਪੁਲਿਸ ਰਿਮਾਂਡ ਵਿੱਚ ਹੈ ਅਤੇ ਪੁੱਛਗਿੱਛ ਜਾਰੀ ਹੈ। ਚਤੁਰਵੇਦੀ ਦਾ ਕਹਿਣਾ ਹੈ ਕਿ ਇਹ ਸਾਰਾ ਮਾਮਲਾ ਰਾਜਨੀਤਿਕ ਸਾਜ਼ਿਸ਼ ਦਾ ਹਿੱਸਾ ਹੈ, ਜਦਕਿ ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਜਾਲਸਾਜ਼ੀ ਦੇ ਪੱਕੇ ਸਬੂਤ ਮੌਜੂਦ ਹਨ।

By Gurpreet Singh

Leave a Reply

Your email address will not be published. Required fields are marked *