ਚੰਡੀਗੜ੍ਹ: ਜੰਮੂ-ਕਸ਼ਮੀਰ ‘ਚ ਪਾਣੀ ਦੀ ਭਾਰੀ ਕਮੀ ਅਤੇ ਖੇਤੀ ਲਈ ਲੋੜੀਂਦੇ ਸਰੋਤਾਂ ਦੀ ਘਾਟ ਨੂੰ ਲੈ ਕੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇੱਕ ਵੱਡਾ ਬਿਆਨ ਦਿੰਦਿਆਂ ਕਿਹਾ ਕਿ ‘ਪੰਜਾਬ ਨੂੰ ਪਾਣੀ ਨਹੀਂ ਦਿੱਤਾ ਜਾਵੇਗਾ’। ਇਹ ਮੁੱਦਾ ਬਹੁਤ ਹੀ ਗੰਭੀਰ ਬਣ ਗਿਆ ਹੈ, ਜਿਸ ‘ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਉਮਰ ਅਬਦੁੱਲਾ ਦੇ ਬਿਆਨ ਨੂੰ ਮੰਦਭਾਗਾ ਆਖਦਿਆਂ ਕਿਹਾ ਕਿ ਅਜੇ ਤਾਂ ਇਹ ਸਮੱਸ਼ਟ ਵੀ ਨਹੀਂ ਹੋਇਆ ਕਿ ਪਾਣੀ ਕਿੱਥੇ ਦੇਣਾ, ਕਿਸ ਨੂੰ ਦੇਣਾ ਅਤੇ ਕਿੰਨੇ ਦੇਣਾ ਹੈ। ਇਸ ਦਾ ਫੈਸਲਾ ਤਾਂ ਕੇਂਦਰ ਸਰਕਾਰ ਨੇ ਹੀ ਕਰਨਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ ਤੇ ਪੰਜਾਬ ਨੇ ਹਮੇਸ਼ਾ ਦੇਸ਼ ਲਈ ਹੀ ਕੰਮ ਕੀਤਾ ਹੈ ਭਾਵੇਂ ਉਹ ਸਰਹੱਦਾਂ ‘ਤੇ ਲੜਨ ਦੀ ਗੱਲ ਹੋਵੇ ਜਾਂ ਫਿਰ ਕੇਂਦਰੀ ਭੰਡਾਰਾਂ ‘ਚ ਅਨਾਜ ਦੇਣ ਦੀ ਗੱਲ ਹੋਵੇ, ਪੰਜਾਬ ਨੇ ਹਮੇਸ਼ਾ ਦੇਸ਼ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਅੱਜ ਪੰਜਾਬ ‘ਚ ਧਰਤੀ ਹੇਠਲਾ ਪਾਣੀ ਇਕ ਹਜ਼ਾਰ ਫੁੱਟ ਤੋਂ ਹੇਠਾਂ ਚੱਲ ਗਿਆ ਹੈ ਤੇ ਅਸੀਂ ਡਾਰਕ ਜ਼ੋਨ ਵਿਚ ਹਾਂ।
ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਪਹਿਲਾਂ ਵੀ ਮੰਗ ਕੀਤੀ ਸੀ ਕਿ ਪੰਜਾਬ ਦੇ ਪਾਣੀ ਦਾ ਪੱਧਰ ਘੱਟ ਗਿਆ ਹੈ ਅਤੇ ਸਾਨੂੰ ਪਾਣੀ ਦਿੱਤਾ ਜਾਵੇ ਤਾਂ ਜੋ ਖੇਤੀ ਆਸਾਨੀ ਨਾਲ ਹੋ ਸਕੇ। ਉਸ ਤੋਂ ਬਾਅਦ ਜਿਹੜਾ ਪਾਣੀ ਬਚਦਾ ਹੈ ਕੇਂਦਰ ਸਰਕਾਰ ਜੇਕਰ ਕਿਸੇ ਨੂੰ ਪਾਣੀ ਦੇਣਾ ਚਾਹੁੰਦੀ ਹੈ ਦੇ ਸਕਦੀ ਹੈ। ਉਨ੍ਹਾਂ ਕਿਹਾ ਪਾਣੀ ‘ਤੇ ਪੰਜਾਬ ਦਾ ਵੀ ਹੱਕ ਹੈ, ਸਾਨੂੰ ਸਾਡਾ ਬਣਦਾ ਹੱਕ ਮਿਲਣਾ ਚਾਹੀਦਾ ਹੈ ਤੇ ਸਾਨੂੰ ਉਮੀਦ ਵੀ ਹੈ ਕਿ ਕੇਂਦਰ ਸਰਕਾਰ ਪੰਜਾਬ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਨਹੀਂ ਹੋਣ ਦੇਵੇਗੀ।