ਨੈਸ਼ਨਲ ਟਾਈਮਜ਼ ਬਿਊਰੋ :- ਜੈਵਲਿਨ ਚੈਂਪਅਨ ਨੀਰਜ ਚੋਪੜਾ ਨੇ ਪਹਿਲਗਾਮ ਹਮਲੇ ਤੋਂ ਬਾਅਦ ਆਪਣੇ ਟਵਿੱਟਰ ਰਾਹੀਂ ਨਫ਼ਰਤ ਭਰੀ ਟਿੱਪਣੀਆਂ ਅਤੇ ਤਨਾਅ ਦਾ ਸਿੱਧਾ ਜਵਾਬ ਦਿੱਤਾ ਹੈ। ਨੀਰਜ ਨੇ ਆਪਣੇ ਬਿਆਨ ‘ਚ ਲਿਖਿਆ ਕਿ ਉਹ ਚੁੱਪ ਰਹਿਣ ਵਾਲਾ ਇਨਸਾਨ ਨਹੀਂ, ਖਾਸ ਕਰ ਜਦੋਂ ਗੱਲ ਦੇਸ਼ ਦੀ ਮੋਹਬਤ ਜਾਂ ਪਰਿਵਾਰ ਦੀ ਆਬਰੂ ਦੀ ਆਵੇ, ਤਾਂ ਚੁੱਪੀ ਤੋੜਣੀ ਪੈਂਦੀ ਹੈ।
ਅਰਸ਼ਦ ਨਦੀਮ ਨੂੰ “ਨੀਰਜ ਚੋਪੜਾ ਕਲਾਸਿਕ” ਮੁਕਾਬਲੇ ਲਈ ਸੱਦਾ ਦੇਣ ‘ਤੇ ਉੱਠੇ ਵਿਵਾਦ ‘ਤੇ ਨੀਰਜ ਨੇ ਸਪੱਸ਼ਟ ਕੀਤਾ ਕਿ ਇਹ ਸੱਦਾ ਖੇਡਾਂ ਦੇ ਨਜ਼ਰੀਏ ਨਾਲ ਦਿੱਤਾ ਗਿਆ ਸੀ, ਨਾ ਕਿ ਕਿਸੇ ਹੋਰ ਇਰਾਦੇ ਨਾਲ। ਉਨ੍ਹਾਂ ਦੱਸਿਆ ਕਿ ਸਾਰੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਸੋਮਵਾਰ, 22 ਅਪ੍ਰੈਲ ਨੂੰ ਸੱਦੇ ਭੇਜੇ ਗਏ ਸਨ, ਜਦ ਕਿ ਪਹਿਲਗਾਮ ਹਮਲਾ ਉਸ ਤੋਂ ਦੋ ਦਿਨ ਬਾਅਦ ਹੋਇਆ। ਹਮਲੇ ਤੋਂ ਬਾਅਦ, ਉਨ੍ਹਾਂ ਅਰਸ਼ਦ ਦੀ ਸ਼ਮੂਲੀਅਤ ਨੂੰ ਤੁਰੰਤ ਰੱਦ ਕਰ ਦਿੱਤਾ।

ਟਵੀਟ ‘ਚ ਨੀਰਜ ਨੇ ਲਿਖਿਆ ਕਿ “ਮੇਰੇ ਲਈ ਮੇਰਾ ਦੇਸ਼ ਸਭ ਤੋਂ ਪਹਿਲਾਂ ਹੈ। ਜਿਨ੍ਹਾਂ ਪਰਿਵਾਰਾਂ ਨੇ ਆਪਣੇ ਆਪਣੇ ਪਿਆਰੇ ਖੋਏ ਹਨ, ਉਹਨਾਂ ਲਈ ਮੇਰੇ ਦਿਲੋਂ ਦੁਆਵਾਂ ਹਨ। ਮੈਨੂੰ ਭਰੋਸਾ ਹੈ ਕਿ ਭਾਰਤ ਇਸ ਹਮਲੇ ਦਾ ਢੁੱਕਵਾਂ ਜਵਾਬ ਦੇਵੇਗਾ ਤੇ ਇਨਸਾਫ਼ ਹੋਏਗਾ।”
ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੇ ਨਾ ਸਿਰਫ਼ ਉਨ੍ਹਾਂ ਨੂੰ, ਸਗੋਂ ਉਨ੍ਹਾਂ ਦੇ ਪਰਿਵਾਰ ਨੂੰ ਵੀ ਨਿਸ਼ਾਨਾ ਬਣਾਇਆ। ਨੀਰਜ ਨੇ ਦੱਸਿਆ ਕਿ ਲੋਕਾਂ ਨੇ ਉਨ੍ਹਾਂ ਦੀ ਮਾਂ ਦੇ ਇੱਕ ਸਧਾਰਣ ਬਿਆਨ ਨੂੰ ਵੀ ਤੋੜ ਮਰੋੜ ਕੇ ਪੇਸ਼ ਕੀਤਾ। ਨੀਰਜ ਨੇ ਇਹ ਵੀ ਲਿਖਿਆ ਕਿ ਅਸੀਂ ਸਿੱਧੇ ਲੋਕ ਹਾਂ, ਸਾਨੂੰ ਕਿਰਪਾ ਕਰਕੇ ਵਿਵਾਦੀ ਨਾ ਬਣਾਓ”
ਉਨ੍ਹਾਂ ਨੇ ਇਹ ਵੀ ਲਿਖਿਆ ਕਿ ਮੀਡੀਆ ਦੇ ਕੁਝ ਹਿੱਸਿਆਂ ਵੱਲੋਂ ਝੂਠੇ ਨੈਰੇਟਿਵ ਬਣਾਏ ਜਾ ਰਹੇ ਹਨ, ਪਰ ਉਹ ਆਪਣੇ ਕੰਮ ਰਾਹੀਂ ਦੇਸ਼ ਨੂੰ ਮਾਣ ਦਿਵਾਉਂਦੇ ਰਹਿਣਗੇ।
ਨੀਰਜ ਚੋਪੜਾ ਦੀ ਇਹ ਟਵੀਟ ਨਾ ਸਿਰਫ਼ ਉਨ੍ਹਾਂ ਦੀ ਸਾਫ਼ ਨੀਯਤ ਨੂੰ ਦਰਸਾਉਂਦੀ ਹੈ, ਸਗੋਂ ਇਹ ਵੀ ਦੱਸਦੀ ਹੈ ਕਿ ਉਹ ਸਿਰਫ਼ ਮੈਦਾਨ ਵਿਚ ਹੀ ਨਹੀਂ, ਜ਼ਿੰਦਗੀ ‘ਚ ਵੀ ਅਸਲੀ ਚੈਂਪਅਨ ਹਨ।