ਨੈਸ਼ਨਲ ਹਾਈਵੇ ਦੀ ਮੁਰੰਮਤ ਦੌਰਾਨ ਲਾਪ੍ਰਵਾਹੀ, ਲੋਕਾਂ ਦੀ ਜਾਨ-ਮਾਲ ਨਾਲ ਸ਼ਰੇਆਮ ਖਿਲਵਾੜ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿਚੋਂ ਲੰਘਦੇ ਨੈਸ਼ਨਲ ਹਾਈਵੇ ਸਮੇਤ ਹੋਰ ਮੁੱਖ ਸੜਕਾਂ ਦੀ ਮੁਰੰਮਤ ਦੌਰਾਨ ਸੰਬੰਧਿਤ ਕੰਪਨੀਆਂ ਅਤੇ ਠੇਕੇਦਾਰਾਂ ਵੱਲੋਂ ਕੀਤੀ ਜਾ ਰਹੀ ਘੋਰ ਲਾਪ੍ਰਵਾਹੀ ਕਾਰਨ ਆਮ ਲੋਕਾਂ ਦੀ ਜਾਨ ਮਾਲ ਨਾਲ ਸ਼ਰੇਆਮ ਖਿਲਵਾੜ ਕੀਤਾ ਜਾ ਰਿਹਾ ਹੈ। ਸੜਕ ਮੁਰੰਮਤ ਦੇ ਨਾਂ ’ਤੇ ਅਕਸਰ ਹੀ ਰੋਡ ਦਾ ਇਕ ਪਾਸਾ ਪੂਰੀ ਤਰ੍ਹਾਂ ਬੰਦ ਕਰ ਕੇ ਸਾਰੀ ਟਰੈਫਿਕ ਨੂੰ ਗਲਤ ਦਿਸ਼ਾ ਵੱਲ ਡਾਇਵਰਟ ਕਰ ਦਿੱਤਾ ਜਾਂਦਾ ਹੈ, ਜੋ ਕਿ ਘਾਤਕ ਹਾਦਸਿਆਂ ਦਾ ਮੁੱਖ ਕਾਰਨ ਬਣ ਰਿਹਾ ਹੈ।

ਪਿਛਲੇ ਸਮੇਂ ਦੌਰਾਨ ਇਕ ਪਾਸਾ ਬੰਦ ਹੋਣ ਕਾਰਨ ਗਲਤ ਦਿਸ਼ਾ ਵਿਚ ਚੱਲ ਰਹੀ ਟਰੈਫਿਕ ਦੀ ਸਾਹਮਣੇ ਤੋਂ ਆ ਰਹੇ ਵਾਹਨਾਂ ਨਾਲ ਭਿਆਨਕ ਟੱਕਰਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਕਈ ਵਿਅਕਤੀਆਂ ਦੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਅਤੇ ਵੱਡਾ ਜਾਨੀ ਮਾਲੀ ਨੁਕਸਾਨ ਵੀ ਹੋਇਆ ਹੈ। ਇਸ ਸਭ ਦੇ ਬਾਵਜੂਦ ਨਾਂ ਤਾਂ ਨੈਸ਼ਨਲ ਹਾਈਵੇ ਅਥਾਰਟੀ ਅਤੇ ਨਾਂ ਹੀ ਸੰਬੰਧਿਤ ਕੰਪਨੀਆਂ ਇਸ ਗੰਭੀਰ ਸਮੱਸਿਆ ਵੱਲ ਧਿਆਨ ਦੇ ਰਹੀਆਂ ਹਨ।

ਦੱਸਣਯੋਗ ਹੈ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚੋਂ ਗੁਜ਼ਰਦੇ ਨੈਸ਼ਨਲ ਹਾਈਵੇ ਦੀ ਮੁਰੰਮਤ ਅਤੇ ਦੇਖ ਰੇਖ ਦਾ ਕੰਮ ਵੱਖ-ਵੱਖ ਵੱਡੀਆਂ ਕੰਪਨੀਆਂ ਕੋਲ ਹੈ। ਇਹ ਕੰਪਨੀਆਂ ਟੁੱਟੀ ਸੜਕ ਦੀ ਮੁਰੰਮਤ ਸਮੇਂ ਬਿਨਾਂ ਯੋਗ ਸੁਰੱਖਿਆ ਪ੍ਰਬੰਧ ਕੀਤੇ ਸੜਕ ਦਾ ਇਕ ਹਿੱਸਾ ਬੰਦ ਕਰ ਕੇ ਟਰੈਫਿਕ ਨੂੰ ਗਲਤ ਪਾਸੇ ਵੱਲ ਡਾਇਵਰਟ ਕਰ ਦਿੰਦੀਆਂ ਹਨ। ਅਜਿਹੀ ਸਥਿਤੀ ਵਿਚ ਸਾਹਮਣੇ ਤੋਂ ਆ ਰਹੀ ਟਰੈਫਿਕ ਅਕਸਰ ਤੇਜ਼ ਰਫ਼ਤਾਰ ਵਿਚ ਹੁੰਦੀ ਹੈ, ਜਿਸ ਨਾਲ ਟੱਕਰ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ।

ਸਿਤਮ ਦੀ ਗੱਲ ਇਹ ਹੈ ਕਿ ਜਦੋਂ ਟਰੈਫਿਕ ਨੂੰ ਗਲਤ ਦਿਸ਼ਾ ਵਿਚ ਡਾਇਵਰਟ ਕੀਤਾ ਜਾਂਦਾ ਹੈ ਤਾਂ ਡਾਇਵਰਸ਼ਨ ਦੀ ਸ਼ੁਰੂਆਤ ਵਾਲੇ ਸਥਾਨ ’ਤੇ ਕੁਝ ਚੇਤਾਵਨੀ ਬੋਰਡ ਲਗਾ ਦਿੱਤੇ ਜਾਂਦੇ ਹਨ, ਪਰ ਅੱਗੇ ਇਕ ਤੋਂ ਪੰਜ ਕਿਲੋਮੀਟਰ ਤੱਕ ਦਾ ਸੜਕ ਹਿੱਸਾ ਕਿਸੇ ਵੀ ਕਿਸਮ ਦੇ ਸੂਚਨਾ ਬੋਰਡ, ਰਿਫਲੈਕਟਰ, ਕੋਨ ਜਾਂ ਅਸਥਾਈ ਪਾਰਟੀਸ਼ਨ ਤੋਂ ਬਿਨਾਂ ਹੀ ਛੱਡ ਦਿੱਤਾ ਜਾਂਦਾ ਹੈ। ਇਸ ਕਾਰਨ ਕਈ ਵਾਰ ਸਹੀ ਦਿਸ਼ਾ ਵਿਚ ਆ ਰਹੇ ਵਾਹਨਾਂ ਦੇ ਚਾਲਕਾਂ ਨੂੰ ਗਲਤ ਦਿਸ਼ਾ ਵਿਚ ਆ ਰਹੇ ਵਾਹਨ ਸਮੇਂ ਸਿਰ ਨਜ਼ਰ ਨਹੀਂ ਆਉਂਦੇ ਜਾਂ ਭੁਲੇਖੇ ਕਾਰਨ ਅਚਾਨਕ ਵੱਡੇ ਹਾਦਸੇ ਵਾਪਰ ਜਾਂਦੇ ਹਨ।

ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਸੜਕ ਦੀ ਮਰੰਮਤ ਦੌਰਾਨ ਟਰੈਫਿਕ ਨੂੰ ਗਲਤ ਦਿਸ਼ਾ ਵੱਲ ਡਾਵਰਸ਼ਨ ਕੀਤਾ ਜਾਵੇ ਤਾਂ ਉਸ ਪੂਰੇ ਸੜਕ ਹਿੱਸੇ ਵਿਚ ਸ਼ੁਰੂ ਤੋਂ ਅਖੀਰ ਤੱਕ ਸਪੱਸ਼ਟ ਅਤੇ ਰਿਫਲੈਕਟਿਵ ਸਾਈਨ ਬੋਰਡ, ਅਸਥਾਈ ਪਾਰਟੀਸ਼ਨ ਜਾਂ ਕੋਨ ਲਗਾਏ ਜਾਣ ਅਤੇ ਰਾਤ ਸਮੇਂ ਹਾਦਸਿਆਂ ਤੋਂ ਬਚਾਅ ਲਈ ਫਲੈਸ਼ ਲਾਈਟਾਂ ਦੀ ਵਰਤੋਂ ਕੀਤੀ ਜਾਵੇ, ਤਾਂ ਜੋ ਟਰੈਫਿਕ ਸਹੀ ਢੰਗ ਨਾਲ ਗੁਜ਼ਰ ਸਕੇ ਅਤੇ ਲੋਕਾਂ ਨੂੰ ਜਾਨੀ ਨੁਕਸਾਨ ਦਾ ਡਰ ਨਾ ਰਹੇ।

ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਅਜਿਹੀਆਂ ਘਟਨਾਵਾਂ ਵਾਰ-ਵਾਰ ਵਾਪਰਨ ਦੇ ਬਾਵਜੂਦ ਨਾਂ ਤਾਂ ਕੋਈ ਜ਼ਿੰਮੇਵਾਰ ਅਧਿਕਾਰੀ ਮੌਕੇ ਦੀ ਜਾਂਚ ਕਰਦਾ ਹੈ ਅਤੇ ਨਾਂ ਹੀ ਲਾਪ੍ਰਵਾਹ ਕੰਪਨੀਆਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਮੌਕੇ ’ਤੇ ਨਿਗਰਾਨੀ ਟੀਮਾਂ ਤਾਇਨਾਤ ਕਰਕੇ ਠੇਕੇਦਾਰਾਂ ਨੂੰ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇ, ਨਹੀਂ ਤਾਂ ਇਹ ਲਾਪਰਵਾਹੀ ਹੋਰ ਵੀ ਕਈ ਕੀਮਤੀ ਜਾਨਾਂ ਲੈ ਸਕਦੀ ਹੈ।

By Gurpreet Singh

Leave a Reply

Your email address will not be published. Required fields are marked *