ਨਿਰਮਲ ਸੇਵਾ ਸੁਸਾਇਟੀ ਵੱਲੋਂ 18 ਜੋੜਿਆਂ ਦਾ ਸਮੂਹਿਕ ਵਿਆਹ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਪੁੱਤਰ ਬਾਬਰ ਔਜਲਾ ਵਿਸ਼ੇਸ਼ ਤੌਰ ’ਤੇ ਪਹੁੰਚੇ

ਅੰਮ੍ਰਿਤਸਰ : ਗੁਰਬਖ਼ਸ਼ ਨਗਰ, ਅੰਮ੍ਰਿਤਸਰ ਸਥਿਤ ਏਕਤਾ ਪਾਰਕ ਵਿੱਚ ਅੱਜ ਨਿਰਮਲ ਸੇਵਾ ਸੁਸਾਇਟੀ ਵੱਲੋਂ ਲੋੜਵੰਦ ਪਰਿਵਾਰਾਂ ਦੇ 18 ਜੋੜਿਆਂ ਦਾ ਸਮੂਹਿਕ ਵਿਆਹ ਸਮਾਗਮ ਸ਼ਰਧਾ, ਸਾਦਗੀ ਅਤੇ ਸਮਾਜਿਕ ਸਾਂਝ ਨਾਲ ਸਫ਼ਲਤਾਪੂਰਵਕ ਸੰਪੰਨ ਹੋਇਆ।
ਇਸ ਮੌਕੇ ’ਤੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਪੁੱਤਰ ਬਾਬਰ ਔਜਲਾ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਨਵ-ਵਿਵਾਹਿਤ ਜੋੜਿਆਂ ਨੂੰ ਵਧਾਈਆਂ ਦਿੰਦਿਆਂ ਉਨ੍ਹਾਂ ਦੇ ਸੁਖਮਈ ਵਿਆਹਿਕ ਜੀਵਨ ਦੀ ਕਾਮਨਾ ਕੀਤੀ। ਬਾਬਰ ਔਜਲਾ ਨੇ ਨਿਰਮਲ ਸੇਵਾ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਸਮਾਜ ਵਿੱਚ ਸਮਾਨਤਾ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ।
ਸੁਸਾਇਟੀ ਦੇ ਪ੍ਰਧਾਨ ਗੁਰਭਜਨ ਸਿੰਘ ਭੋਲਾ ਨੇ ਦੱਸਿਆ ਕਿ ਸਾਲ 1987 ਤੋਂ ਲੈ ਕੇ 2025 ਤੱਕ ਸੁਸਾਇਟੀ ਵੱਲੋਂ ਕੁੱਲ 2135 ਧੀਆਂ ਦੇ ਵਿਆਹ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਇਨ੍ਹਾਂ ਸਭ ਧੀਆਂ ਦਾ ਪਿਤਾ ਸਮਝਦੇ ਹਨ ਅਤੇ ਇਹ ਸਭ ਕੁਝ ਸ਼ਹਿਰ ਵਾਸੀਆਂ ਅਤੇ ਸਮਾਜਸੇਵੀਆਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ।
ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਇਹ ਸਮਾਗਮ 25 ਦਸੰਬਰ ਦੀ ਥਾਂ ਜਨਵਰੀ ਮਹੀਨੇ ਵਿੱਚ ਆਯੋਜਿਤ ਕੀਤਾ ਗਿਆ। ਸਮਾਗਮ ਦੀ ਖੁਸ਼ੀ ਵਿੱਚ ਸੁਸਾਇਟੀ ਵੱਲੋਂ ਇਲਾਕੇ ਵਿੱਚ ਮਿਠਾਈਆਂ ਵੀ ਵੰਡੀਆਂ ਗਈਆਂ।
ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਮੁਹੱਲਾ ਨਿਵਾਸੀਆਂ, ਸਮਾਜਸੇਵੀਆਂ ਅਤੇ ਗਣਮਾਣਯ ਵਿਅਕਤੀਆਂ ਨੇ ਹਾਜ਼ਰੀ ਭਰ ਕੇ ਨਵ-ਵਿਵਾਹਿਤ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ। ਅੰਤ ਵਿੱਚ ਪ੍ਰਧਾਨ ਗੁਰਭਜਨ ਸਿੰਘ ਭੋਲਾ ਨੇ ਸਾਰੇ ਸਹਿਯੋਗੀਆਂ ਅਤੇ ਦਾਨਦਾਤਾਵਾਂ ਦਾ ਦਿਲੋਂ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਸਾਥ ਦੇਣ ਦੀ ਅਪੀਲ ਕੀਤੀ।

By Gurpreet Singh

Leave a Reply

Your email address will not be published. Required fields are marked *