ਨੈਸ਼ਨਲ ਟਾਈਮਜ਼ ਬਿਊਰੋ :- ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਵਕਫ਼ ਬੋਰਡ (Waqf Boards) ਨੂੰ ਕੰਟਰੋਲ ਨਹੀਂ ਕਰਨਾ ਚਾਹੁੰਦੀ ਹੈ ਬਲਕਿ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਉਹ ਕਾਨੂੰਨ ਦੇ ਦਾਇਰੇ ਵਿੱਚ ਕੰਮ ਕਰੇ ਤਾਂ ਜੋ ਉਨ੍ਹਾਂ ਦੀ ਜਾਇਦਾਦ ਦਾ ਇਸਤੇਮਾਲ ਮੁਸਲਮਾਨ ਭਾਈਚਾਰੇ ਵਿੱਚ ਸਿੱਖਿਆ, ਸਿਹਤ ਸੇਵਾ ਅਤੇ ਰੁਜ਼ਗਾਰ ਨੂੰ ਬੜ੍ਹਾਵਾ ਦੇਣ ਲਈ ਕੀਤਾ ਜਾ ਸਕੇ।
ਪਾਰਟੀ ਦੇ 46ਵੇਂ ਸਥਾਪਨਾ ਦਿਵਸ ਮੌਕੇ ਇੱਥੇ ਭਾਜਪਾ ਹੈੱਡਕੁਆਰਟਰ ਵਿੱਚ ਹੋਏ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ BJP president JP Nadda ਨੇ ਕਿਹਾ, ‘‘ਅਸੀਂ (ਵਕਫ਼ ਬੋਰਡ ਦਾ) ਸੰਚਾਲਨ ਕਰ ਰਹੇ ਲੋਕਾਂ ਨੂੰ ਸਿਰਫ਼ ਇਹ ਕਹਿ ਰਹੇ ਹਾਂ ਕਿ ਤੁਸੀਂ ਨੇਮਾਂ ਮੁਤਾਬਕ ਕੰਮ ਕਰੋ। ਤੁਹਾਨੂੰ ਇਹ ਕੰਮ ਨੇਮਾਂ ਮੁਤਾਬਕ ਕਰਨਾ ਹੋਵੇਗਾ।’’ ਨੱਢਾ ਨੇ ਕਿਹਾ, ‘‘ਅਸੀਂ ਵਕਫ਼ ਬੋਰਡ ’ਤੇ ਕੰਟਰੋਲ ਨਹੀਂ ਚਾਹੁੰਦੇ ਹਾਂ। ਸਾਡਾ ਟੀਚਾ ਸਿਰਫ਼ ਇਹ ਯਕੀਨੀ ਬਣਾਉਣਾ ਹੈ ਕਿ ਇਸ ਦਾ ਪ੍ਰਬੰਧਨ ਕਰਨ ਵਾਲੇ ਲੋਕ ਕਾਨੂੰਨ ਦੇ ਦਾਇਰੇ ਵਿੱਚ ਕੰਮ ਕਰਨ ਅਤੇ ਸਥਾਪਤ ਨੇਮਾਂ ਦੀ ਪਾਲਣਾ ਕਰਨ। ਵਕਫ਼ ਬੋਰਡ ਦੀ ਜਾਇਦਾਦ ਅਤੇ ਧਨ ਮੁਸਲਿਮ ਭਾਈਚਾਰੇ ਲਈ ਸਿੱਖਿਆ ਨੂੰ ਉਤਸ਼ਾਹਿਤ ਕਰਨ, ਸਿਹਤ ਸੇਵਾ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਸਮਰਪਿਤ ਹੋਵੇਗਾ।’’