ਦਿੱਲੀ ‘ਚ ਨਹੀਂ ਮਿਲੀ ਇਕ ਵੀ ਸੀਟ ; ਫ਼ਿਰ ਵੀ ਪੰਜਾਬ ਦੇ ਕਾਂਗਰਸੀ ਖ਼ੁਸ਼ੀ ‘ਚ ਪਾ ਰਹੇ ‘ਭੰਗੜੇ’

ਪਟਿਆਲਾ – ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਇਤਿਹਾਸਕ ਜਿੱਤ ਮਿਲੀ ਹੈ, ਪਰ ਕਾਂਗਰਸ ਦਾ ਉੱਥੇ ਖਾਤਾ ਵੀ ਨਹੀਂ ਖੁੱਲ੍ਹ ਸਕਿਆ ਹੈ। ਦਿੱਲੀ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੂੰ ਇਕ ਵੀ ਸੀਟ ਨਾ ਮਿਲਣ ਦੇ ਬਾਵਜੂਦ ਵੀ ਪੰਜਾਬ ਦੇ ਕਾਂਗਰਸੀ ਖੁਸ਼ੀ ਵਿਚ ਭੰਗੜੇ ਪਾ ਰਹੇ ਹਨ। 

ਪੰਜਾਬ ਕਾਂਗਰਸ ਦੇ ਆਗੂ ਦਿੱਲੀ ਵਿਚ ‘ਆਮ ਆਦਮੀ ਪਾਰਟੀ’ ਦੀ ਹਾਰ ਵਿਚ ਆਪਣਾ ਭਵਿੱਖ ਉੱਜਵਲ ਦੇਖ ਰਹੇ ਹਨ। ਵਿਧਾਨ ਸਭਾ ਚੋਣਾਂ ਵਿਚ ਜਿਥੇ ‘ਆਮ ਆਦਮੀ ਪਾਰਟੀ’ ਪੰਜਾਬ ਦੇ ਵਲੰਟੀਅਰਾਂ ਨੇ ‘ਆਪ’ ਦੇ ਹੱਕ ਵਿਚ ਪ੍ਰਚਾਰ ਕੀਤਾ, ਉਥੇ ਹੀ ਵੱਡੀ ਗਿਣਤੀ ਵਿਚ ਪੰਜਾਬ ਕਾਂਗਰਸ ਦੇ ਆਗੂ ਤੇ ਵਰਕਰ ਦਿੱਲੀ ਵਿਚ ਤਿੰਨ ਹਫਤੇ ਦੇ ਲਗਭਗ ਡਟੇ ਰਹੇ। 

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਆਪਣੇ ਵਿਧਾਇਕਾਂ, ਸਾਂਸਦਾਂ, ਸਾਬਕਾ ਵਿਧਾਇਕਾਂ, ਪੰਜਾਬ ਕਾਂਗਰਸ ਅਤੇ ਯੂਥ ਕਾਂਗਰਸ ਦੇ ਆਗੂਆਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਸਨ। ਵੱਡੀ ਗਿਣਤੀ ਵਿਚ ਵਰਕਰ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਦਿੱਲੀ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦਵਿੰਦਰ ਯਾਦਵ ਦੀ ਚੋਣ ਵਿਚ ਡਟੇ ਹੋਏ ਸਨ। 

ਸੂਤਰਾਂ ਅਨੁਸਾਰ ਪੰਜਾਬ ਦੇ ਕਾਂਗਰਸੀਆਂ ਨੇ ਦਿੱਲੀ ਚੋਣਾਂ ਵਿਚ ਬਹੁਤ ਜ਼ਿਆਦਾ ਮਿਹਨਤ ਕੀਤੀ, ਉਨ੍ਹਾਂ ਦਾ ਮਕਸਦ ਕਾਂਗਰਸ ਨੂੰ ਜਿਤਾਉਣਾ ਨਹੀਂ, ‘ਆਮ ਆਦਮੀ ਪਾਰਟੀ’ ਦੇ ਵੋਟ ਬੈਂਕ ਵਿਚ ਡੈਂਟ ਪਾਉਣਾ ਸੀ, ਜਿਸ ਵਿਚ ਉਹ ਸਫਲ ਵੀ ਰਹੇ ਹਨ। ਪੰਜਾਬ ਦੇ ਕਾਂਗਰਸੀਆਂ ਨੇ ਦਿੱਲੀ ਵਿਚ ‘ਆਮ ਆਦਮੀ ਪਾਰਟੀ’ ਨੂੰ ਹਰਾਉਣ ਲਈ ਕੰਮ ਕੀਤਾ ਕਿਉਂਕਿ ਉਨ੍ਹਾਂ ਨੂੰ ਦਿਖਾਈ ਦੇ ਰਿਹਾ ਸੀ ਕਿ ਜੇਕਰ ਦਿੱਲੀ ਵਿਚ ‘ਆਪ’ ਦਾ ਕਿਲ੍ਹਾ ਢਹਿ ਢੇਰੀ ਕਰ ਦਿੱਤਾ ਗਿਆ ਤਾਂ ਇਸ ਦਾ ਲਾਭ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਵਿਚ ਕਾਂਗਰਸ ਪਾਰਟੀ ਨੂੰ ਮਿਲੇਗਾ। 

ਜੇਕਰ ਦਿੱਲੀ ਵਿਚ ‘ਆਪ’ ਜਿੱਤ ਜਾਂਦੀ ਤਾਂ ਇਸ ਦਾ ਅਸਰ 2027 ਦੀਆਂ ਵਿਧਾਨ ਸਭਾ ਚੋਣਾਂ ’ਤੇ ਪੈਣਾ ਸੀ ਅਤੇ ਪੰਜਾਬ ਵਿਚ ਵੀ ‘ਆਮ ਆਦਮੀ ਪਾਰਟੀ’ ਦੀ ਸਰਕਾਰ ਰਿਪੀਟ ਕਰਦੀ। ਲੰਘੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਵਿਚ ਕਾਂਗਰਸ ਪਾਰਟੀ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਅਤੇ ਪਾਰਟੀ ਨੇ 7 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। 

ਪੰਜਾਬ ਦੇ ਮੌਜੂਦਾ ਸਿਆਸੀ ਵਾਤਾਵਰਣ ਵਿਚ ਕਾਂਗਰਸ ਨੂੰ ਉਮੀਦ ਹੈ ਕਿ ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ‘ਆਮ ਆਦਮੀ ਪਾਰਟੀ’ ਦੇ ਵਿਰੋਧ ਵਿਚ ਲੋਕ ਕਾਂਗਰਸ ਪਾਰਟੀ ਨੂੰ ਜਿਤਾਉਣਗੇ। ਇਸੇ ਕਾਰਨ ਦਿੱਲੀ ਵਿਚ ਉਨ੍ਹਾਂ ‘ਆਮ ਆਦਮੀ ਪਾਰਟੀ’ ਨੂੰ ਹਰਾਉਣ ਲਈ ਦਿਨ ਰਾਤ ਮਿਹਨਤ ਕੀਤੀ। ਚੋਣ ਨਤੀਜੇ ਆਉਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਆਗੂ ਸਭ ਤੋਂ ਵੱਧ ਖੁਸ਼ ਦਿਖਾਈ ਦਿੱਤੇ ਅਤੇ ਸਮੁੱਚੇ ਕਾਂਗਰਸੀ ਆਗੂਆਂ ਨੇ ‘ਆਮ ਆਦਮੀ ਪਾਰਟੀ’ ਦੀ ਹਾਰ ’ਤੇ ਖੁਸ਼ੀ ਜਤਾਈ।

By nishuthapar1

Leave a Reply

Your email address will not be published. Required fields are marked *