ਤੇਲ ਦੀਆਂ ਕੀਮਤਾਂ ਨੇ ਕੱਢੇ ਵੱਟ! ਟਰਾਂਸਪੋਰਟ ਕਿਰਾਏ ‘ਚ 65 ਫੀਸਦੀ ਵਾਧਾ, ਪਾਕਿਸਤਾਨ ‘ਚ ਮਚੀ ਹਾਹਾਕਾਰ

ਪੇਸ਼ਾਵਰ/ਇਸਲਾਮਾਬਾਦ : ਤੇਲ ਦੀਆਂ ਵਧਦੀਆਂ ਕੀਮਤਾਂ ਨੇ ਗੁਆਂਢੀ ਮੁਲਕ ਦੀ ਜਨਤਾ ਦਾ ਬੁਰਾ ਹਾਲ ਕਰ ਦਿੱਤਾ ਹੈ। ਪਾਕਿਸਤਾਨ ਦੀ ਜਨਤਾ ‘ਤੇ ਮਹਿੰਗਾਈ ਦਾ ਇੱਕ ਹੋਰ ਵੱਡਾ ‘ਬੰਬ’ ਸੁੱਟਿਆ ਗਿਆ ਹੈ। ਦੇਸ਼ ਵਿੱਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਕੀਤੇ ਗਏ ਬੇਤਹਾਸ਼ਾ ਵਾਧੇ ਨੇ ਪੂਰੇ ਮੁਲਕ ਵਿੱਚ ਹਾਹਾਕਾਰ ਮਚਾ ਦਿੱਤੀ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਹੁਣ ਟਰਾਂਸਪੋਰਟ ਕਿਰਾਏ ਵਿਚ ਵੱਡਾ ਵਾਧਾ ਕੀਤਾ ਗਿਆ ਹੈ ਜਿਸ ਦੇ ਤਹਿਤ ਸਵਾਰੀ ਅਤੇ ਮਾਲ ਢੋਣ ਵਾਲੇ ਵਾਹਨਾਂ ਦੇ ਕਿਰਾਏ ਵਿੱਚ 20 ਤੋਂ 65 ਫੀਸਦੀ ਤੱਕ ਦਾ ਭਾਰੀ ਵਾਧਾ ਹੋ ਗਿਆ ਹੈ। ਖੈਬਰ ਪਖੂਤਨਖਵਾ ਸੂਬੇ ਵਿਚ ਇਸ ਦਾ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲ ਰਿਹਾ ਹੈ।

ਰਾਤੋ ਰਾਤ ਵਧੀਆਂ ਕੀਮਤਾਂ 

ਤਾਜ਼ਾ ਅੰਕੜਿਆਂ ਅਨੁਸਾਰ ਪਾਕਿਸਤਾਨ ਸਰਕਾਰ ਨੇ ਅਪ੍ਰੈਲ ਵਿਚ ਪੈਟਰੋਲ ਦੀ ਕੀਮਤ ਵਿੱਚ 137.24 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵਿੱਚ 184.49 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਸ ਵਾਧੇ ਤੋਂ ਬਾਅਦ ਹੁਣ ਪੈਟਰੋਲ ਦੀ ਕੀਮਤ 458.40 ਰੁਪਏ ਅਤੇ ਹਾਈ-ਸਪੀਡ ਡੀਜ਼ਲ ਦੀ ਕੀਮਤ 520.35 ਰੁਪਏ ਪ੍ਰਤੀ ਲੀਟਰ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ। ਟਰਾਂਸਪੋਰਟਰਾਂ ਅਨੁਸਾਰ ਸਰਕਾਰ ਨੇ ਇਹ ਫੈਸਲਾ ਰਾਤੋ-ਰਾਤ ਲਿਆ ਹੈ, ਜਿਸ ਕਾਰਨ ਆਮ ਜਨਤਾ ਅਤੇ ਆਪਰੇਟਰਾਂ ਵਿਚਾਲੇ ਤਕਰਾਰ ਵਧ ਰਹੀ ਹੈ।

ਪੇਸ਼ਾਵਰ ਵਿੱਚ ਇੱਕ ਸਾਂਝੀ ਮੀਟਿੰਗ ਤੋਂ ਬਾਅਦ ਟਰਾਂਸਪੋਰਟ ਸੰਗਠਨਾਂ ਨੇ ਅੰਤਰ-ਜ਼ਿਲ੍ਹਾ ਅਤੇ ਅੰਤਰ-ਸੂਬਾਈ ਰੂਟਾਂ ਲਈ 25 ਪ੍ਰਤੀਸ਼ਤ ਵਾਧੂ ਕਿਰਾਏ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ। ਇਸ ਦੌਰਾਨ ਪੰਜਾਬ ਵਿੱਚ ਯਾਤਰੀ ਕਿਰਾਏ ਪਹਿਲਾਂ ਹੀ 65 ਪ੍ਰਤੀਸ਼ਤ ਤੱਕ ਵੱਧ ਚੁੱਕੇ ਹਨ। ਨਾ ਸਿਰਫ਼ ਯਾਤਰੀ ਖੇਤਰ, ਸਗੋਂ ਮਾਲ ਢੋਆ-ਢੁਆਈ ਖੇਤਰ ਵੀ ਇਸ ਸੰਕਟ ਤੋਂ ਮੁਕਤ ਨਹੀਂ ਹੈ। ਪਬਲਿਕ ਟ੍ਰਾਂਸਪੋਰਟ ਓਨਰਜ਼ ਐਸੋਸੀਏਸ਼ਨ ਅਨੁਸਾਰ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਹੁਣ ਇੰਟਰ-ਡਿਸਟ੍ਰਿਕਟ ਅਤੇ ਇੰਟਰ-ਪ੍ਰੋਵਿੰਸ਼ੀਅਲ ਰੂਟਾਂ ‘ਤੇ ਕਿਰਾਇਆ 25 ਫੀਸਦੀ ਵਧਾ ਦਿੱਤਾ ਗਿਆ ਹੈ, ਜਦਕਿ ਪੰਜਾਬ ਸੂਬੇ ਵਿੱਚ ਸਵਾਰੀ ਕਿਰਾਇਆ 65 ਫੀਸਦੀ ਤੱਕ ਵਧ ਗਿਆ ਹੈ। ਇਸ ਤੋਂ ਇਲਾਵਾ, ‘ਪਾਕਿਸਤਾਨ ਗੁੱਡਜ਼ ਟ੍ਰਾਂਸਪੋਰਟਰਜ਼ ਓਨਰਜ਼ ਐਸੋਸੀਏਸ਼ਨ’ ਨੇ ਮਾਲ ਭਾੜੇ ਵਿੱਚ ਵੀ 65 ਫੀਸਦੀ ਵਾਧੇ ਦਾ ਐਲਾਨ ਕੀਤਾ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਹਰ ਚੀਜ਼ ਮਹਿੰਗੀ ਹੋਣ ਦਾ ਖਦਸ਼ਾ ਹੈ।

ਸਿਆਸੀ ਹਲਕਿਆਂ ‘ਚ ਤਿੱਖੀ ਪ੍ਰਤੀਕਿਰਿਆ 

ਸਰਕਾਰ ਦੇ ਇਸ ਫੈਸਲੇ ਦੀ ਸਖ਼ਤ ਨਿਵੇਦਨਾ ਕਰਦਿਆਂ ਅਵਾਮੀ ਨੈਸ਼ਨਲ ਪਾਰਟੀ ਦੇ ਪ੍ਰਧਾਨ ਐਮਲ ਵਾਲੀ ਖਾਨ ਨੇ ਇਸ ਨੂੰ “ਸ਼ਰਮਨਾਕ ਅਤੇ ਲੋਕ ਵਿਰੋਧੀ” ਕਦਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਕੀਮਤਾਂ ਕੌਮਾਂਤਰੀ ਬਾਜ਼ਾਰ ਕਾਰਨ ਨਹੀਂ, ਸਗੋਂ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਅਤੇ ਭਾਰੀ ਟੈਕਸਾਂ ਕਾਰਨ ਵਧੀਆਂ ਹਨ। ਸਰਹੱਦ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (SCCI) ਨੇ ਵੀ ਚੇਤਾਵਨੀ ਦਿੱਤੀ ਹੈ ਕਿ ਇੰਨੀਆਂ ਮਹਿੰਗੀਆਂ ਕੀਮਤਾਂ ਕਾਰਨ ਉਦਯੋਗਿਕ ਗਤੀਵਿਧੀਆਂ ਠੱਪ ਹੋ ਜਾਣਗੀਆਂ ਅਤੇ ਮਹਿੰਗਾਈ ਕਾਬੂ ਤੋਂ ਬਾਹਰ ਹੋ ਜਾਵੇਗੀ।ਆਲ ਪਾਕਿਸਤਾਨ ਵਾਪਡਾ ਹਾਈਡ੍ਰੋ ਇਲੈਕਟ੍ਰਿਕ ਵਰਕਰਜ਼ ਯੂਨੀਅਨ ਦੇ ਬੁਲਾਰੇ ਗੋਹਰ ਅਲੀ ਗੋਹਰ ਨੇ ਕਿਹਾ ਕਿ ਮਹਿੰਗਾਈ ਨੇ ਗਰੀਬ ਮਜ਼ਦੂਰਾਂ ਅਤੇ ਹੇਠਲੇ ਮੱਧ ਵਰਗ ਦੀ ਕਮਰ ਤੋੜ ਦਿੱਤੀ ਹੈ। ਉਨ੍ਹਾਂ ਅਨੁਸਾਰ ਹੁਣ ਰੋਜ਼ਾਨਾ ਵਰਤੋਂ ਦੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਵੀ ਗਰੀਬਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ, ਜਿਸ ਕਾਰਨ ਕਈ ਪਰਿਵਾਰਾਂ ਨੂੰ ਦੋ ਵਕਤ ਦੀ ਰੋਟੀ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ।

By Rajeev Sharma

Leave a Reply

Your email address will not be published. Required fields are marked *