ਨੈਸ਼ਨਲ ਟਾਈਮਜ਼ ਬਿਊਰੋ :- ਸੂਬਾ ਸਰਕਾਰ ਵੱਲੋਂ ਲਾਗੂ ਕੀਤੇ ਗਏ ਬੀਜ ਤੇ ਕੀਟਨਾਸ਼ਕ ਐਕਟ 2025 ਦੇ ਵਿਰੋਧ ਵਿਚ ਕੁਰੂਕਸ਼ੇਤਰ ਦੀ ਸੈਣੀ ਧਰਮਸ਼ਾਲਾ ਵਿੱਚ ਸੂਬਾ ਪੱਧਰੀ ਬੀਜ ਉਤਪਾਦਕ, ਕੀਟਨਾਸ਼ਕ ਨਿਰਮਾਤਾ ਤੇ ਵਿਕਰੇਤਾ ਸੰਮੇਲਨ ਕਰਵਾਇਆ ਗਿਆ। ਇਸ ਕਾਨਫਰੰਸ ਵਿੱਚ ਸੂਬਾ ਭਰ ਤੋਂ ਕਰੀਬ 5 ਹਜ਼ਾਰ ਤੋਂ ਵੱਧ ਬੀਜ ਉਤਪਾਦਕਾਂ, ਕੀਟਨਾਸ਼ਕ ਨਿਰਮਤਾਵਾਂ ਤੇ ਵਿਕੇਰਤਾਵਾਂ ਨੇ ਹਿੱਸਾ ਲਿਆ ਤੇ ਸਰਕਾਰ ਵੱਲੋਂ ਬਣਾਏ ਕਾਨੂੰਨ ਦਾ ਵਿਰੋਧ ਕੀਤਾ ਤੇ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ।
ਕਾਨਫਰੰਸ ਵਿਚ ਸੱਤ ਰੋਜ਼ਾ ਸੂਬਾ ਪੱਧਰੀ ਹੜਤਾਲ ਤੇ ਸਰਕਾਰ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨ ਲਈ 23 ਮੈਂਬਰੀ ਕਮੇਟੀ ਵੀ ਬਣਾਈ ਗਈ। ਇਹ ਜਾਣਕਾਰੀ ਦਿੰਦੇ ਹੋਏ ਹਰਿਆਣਾ ਬੀਜ ਉਤਪਾਦਕ ਸੰਘ ਦੇ ਸੂਬਾ ਪ੍ਰਧਾਨ ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਕਾਨੂੰਨ ਵਿਚ ਵਪਾਰੀਆਂ ਵਿਰੁੱਧ ਅਸੰਗਤ ਧਾਰਾਵਾਂ ਲਗਾਈਆਂ ਗਈਆਂ ਹਨ ਜਿਸ ਕਰਕੇ ਕਿਸੇ ਵੀ ਵਿਅਕਤੀ ਲਈ ਇਸ ਕਾਰੋਬਾਰ ਵਿਚ ਰਹਿਣਾ ਸੰਭਵ ਨਹੀਂ ਹੈ।
ਕਾਨਫਰੰਸ ਦੀ ਪ੍ਰਧਾਨਗੀ ਅਸ਼ਵਨੀ ਕੁਮਾਰ ਗਰਗ ਹਿਸਾਰ ਨੇ ਕੀਤੀ। ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਹਰਮੇਸ਼ ਸਿੰਘ ਸਿਰਸਾ ਨੇ ਕਿਹਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਸ ਮੁੱਦੇ ’ਤੇ ਤਹਿਸੀਲ ਤੇ ਜ਼ਿਲ੍ਹਾ ਪੱਧਰ ’ਤੇ ਅਤੇ ਮੁੱਖ ਮੰਤਰੀ ਨੂੰ ਮਿਲ ਕੇ ਸਰਕਾਰ ਨੂੰ ਅਪੀਲਾਂ ਕੀਤੀਆਂ ਗਈਆਂ ਪਰ ਸੁਣਵਾਈ ਨਾ ਹੋਣ ਕਰਕੇ ਉਨ੍ਹਾਂ ਅਗਲੇ 7 ਦਿਨਾਂ ਲਈ ਆਪਣੀਆਂ ਦੁਕਾਨਾਂ ਬੰਦ ਰਖੱਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਜੇ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਉਹ ਅਣਮਿੱਥੇ ਸਮੇਂ ਲਈ ਹੜਤਾਲ ਕਰਨਗੇ। ਇਸ ਮੌਕੇ ਨਰੇਸ਼ ਸਿੰਘਲ, ਪਰਮਜੀਤ ਦੇਸਵਾਲ, ਸੁਮਿਤ ਗੁਪਤਾ, ਸੁਨੀਲ ਕਾਲੜਾ,ਰਿਸ਼ੀ ਮੱਕੜ, ਰਿਸ਼ੀ ਪਾਲ ਕੰਬੋਜ, ਦੀਪਕ ਮਹਿਤਾ, ਸੁਭਾਸ਼ ਖੁਰਾਣਾ, ਵੇਦ ਪ੍ਰਕਾਸ਼ ਆਰੀਆ, ਪਵਨ ਗਰਗ, ਸੁਭਾਸ਼ ਬੱਬਰ, ਕੁਨਾਲ ਗੋਇਲ, ਪਵਨ ਗਰਗ, ਸੰਜੇ ਸਿੰਗਲਾ ਮੌਜੂਦ ਸਨ।