ਪੰਜਾਬ ਦੇ ਸਰਕਾਰੀ ਹਸਪਤਾਲਾਂ ‘ਚ ਆਕਸੀਜਨ ਸੰਕਟ! ਹਾਈਕੋਰਟ ਨੇ ਸੂਬਾ ਸਰਕਾਰ ਤੋਂ ਮੰਗਿਆ ਜਵਾਬ

ਗੁਰਪ੍ਰੀਤ ਸਿੰਘ :- ਪੰਜਾਬ ਦੇ ਸਰਕਾਰੀ ਹਸਪਤਾਲਾਂ ‘ਚ ਆਕਸੀਜਨ ਸਪਲਾਈ ਵਿਵਸਥਾ ਨੂੰ ਲੈ ਕੇ ਗੰਭੀਰ ਸਵਾਲ ਚੁੱਕਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੂਬਾ ਸਰਕਾਰ ਤੋਂ ਸਪੱਸ਼ਟ ਜਵਾਬ ਮੰਗਿਆ ਹੈ। ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹਾ ਹਸਪਤਾਲਾਂ ‘ਚ ਸਥਾਪਿਤ 35 ਪੀ. ਐੱਸ. ਏ. (ਪ੍ਰੈਸ਼ਰ ਸਵਿੰਗ ਐਡਸਾਰਪਸ਼ਨ) ਆਕਸੀਜਨ ਪਲਾਂਟ ਮੌਜੂਦਾ ਸਮੇਂ ‘ਚ ਕੰਮ ਨਹੀਂ ਕਰ ਰਹੇ ਹਨ। ਇਸ ‘ਤੇ ਅਦਾਲਤ ਨੇ ਸਖ਼ਤ ਨਾਰਾਜ਼ਗੀ ਜਤਾਈ।

ਪਟੀਸ਼ਨਕਰਤਾ ਨੇ ਅਦਾਲਤ ਨੂੰ ਦੱਸਿਆ ਕਿ ਜਲੰਧਰ, ਫਾਜ਼ਿਲਕਾ, ਕਪੂਰਥਲਾ, ਮੋਹਾਲੀ ਸਮੇਤ ਕਈ ਜ਼ਿਲ੍ਹਿਆਂ ਦੇ ਹਸਪਤਾਲਾਂ ‘ਚ ਆਕਸੀਜਨ ਪਲਾਂਟ ਬੰਦ ਪਏ ਹਨ। ਜਲੰਧਰ ‘ਚ ਆਕਸੀਜਨ ਸਪਲਾਈ ਰੁਕਣ ਕਾਰਨ 3 ਮਰੀਜ਼ਾਂ ਦੀ ਮੌਤ ਤੱਕ ਹੋ ਚੁੱਕੀ ਹੈ। ਪਟੀਸ਼ਨਕਰਤਾ ਨੇ ਦੋਸ਼ ਲਾਇਆ ਕਿ ਇਨ੍ਹਾਂ ਤੱਥਾਂ ਨੂੰ ਸੂਬਾ ਸਰਕਾਰ ਨੇ ਆਪਣੇ ਜਵਾਬ ‘ਚ ਲੁਕਾਇਆ ਹੈ। ਸੂਬਾ ਸਰਕਾਰ ਵਲੋਂ ਦਲੀਲ ਦਿੱਤੀ ਗਈ ਕਿ ਹਸਪਤਾਲਾਂ ‘ਚ ਆਕਸੀਜਨ ਦੀ ਸਪਲਾਈ ਮੁੱਖ ਤੌਰ ‘ਤੇ ਸਿਲੰਡਰਾਂ ਜ਼ਰੀਏ ਕੀਤੀ ਜਾਂਦੀ ਹੈ, 99 ਫ਼ੀਸਦੀ ਸ਼ੁੱਧ ਆਕਸੀਜਨ ਮੁਹੱਈਆ ਕਰਵਾਉਂਦੇ ਹਨ, ਜਦੋਂ ਕੀ ਪੀ. ਐੱਸ. ਏ. ਪਲਾਂਟ ਤੋਂ ਮਿਲਣ ਵਾਲੀ ਆਕਸੀਜਨ ਦੀ ਸ਼ੁੱਧਤਾ 90-96 ਫ਼ੀਸਦੀ ਹੁੰਦੀ ਹੈ।

ਇਸ ‘ਤੇ ਅਦਾਲਤ ਨੇ ਤਿੱਖਾ ਸਵਾਲ ਕੀਤਾ ਕਿ ਜਦੋਂ ਇਹ ਪਲਾਂਟ ਸਥਾਪਿਤ ਕੀਤੇ ਗਏ ਸਨ, ਤਾਂ ਹੁਣ ਇਨ੍ਹਾਂ ਨੂੰ ਚਲਾਇਆ ਕਿਉਂ ਨਹੀਂ ਜਾ ਰਿਹਾ? ਅਦਾਲਤ ਨੇ ਪੁੱਛਿਆ ਕਿ ਸੂਬਾ ਕੋਲ ਆਕਸੀਜਨ ਸਪਲਾਈ ਨੂੰ ਲੈ ਕੇ ਕੋਈ ਸਪੱਸ਼ਟ ਰਾਸ਼ਟਰੀ ਜਾਂ ਰਾਜ ਨੀਤੀ ਹੈ? ਜੇਕਰ ਹੈ ਤਾਂ ਉਸ ਨੂੰ ਰਿਕਾਰਡ ‘ਚ ਲਿਆਂਦਾ ਜਾਵੇ।

By Gurpreet Singh

Leave a Reply

Your email address will not be published. Required fields are marked *