ਪੰਜਾਬ ਪੁਲਸ ਦੇ ASI ਦੀ ਦਰਦਨਾਕ ਮੌਤ

ਗੁਰਪ੍ਰੀਤ ਸਿੰਘ :- ਡਿਊਟੀ ਤੋਂ ਵਾਪਸ ਆ ਰਹੇ ਪੀ.ਓ. ਸਟਾਫ ਦੇ ਇੱਕ ਏ.ਐਸ.ਆਈ. ਨੂੰ ਤੇਜ਼ ਰਫ਼ਤਾਰ ਇਨੋਵਾ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੌਕੀ ਅਰਬਨ ਅਸਟੇਟ ਦੇ ਇੰਚਾਰਜ ਏ.ਐਸ.ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਥਾਣਾ ਸਿਵਲ ਲਾਈਨਜ਼ ਵਿੱਚ ਦਰਜ ਕਰਵਾਏ ਬਿਆਨ ਵਿੱਚ ਏ.ਐਸ.ਆਈ. ਸੁਖਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਹਰਸ਼ੀਆਂ ਨੇ ਦੱਸਿਆ ਕਿ ਉਹ ਪੀ.ਓ. ਸਟਾਫ ਬਟਾਲਾ ਵਿੱਚ ਤਾਇਨਾਤ ਹੈ। ਉਨ੍ਹਾਂ ਦੱਸਿਆ ਕਿ ਥਾਣਾ ਰੰਗੜ ਨੰਗਲ ਇਲਾਕੇ ਵਿੱਚ ਡਿਊਟੀ ਮੁਕਾਉਣ ਤੋਂ ਬਾਅਦ ਏ.ਐਸ.ਆਈ. ਮੁਖਤਿਆਰ ਸਿੰਘ ਆਪਣੇ ਮੋਟਰਸਾਈਕਲ ਨੰਬਰ PB-18-P-4248 ’ਤੇ ਵਾਪਸ ਆ ਰਹੇ ਸਨ।

ਉਨ੍ਹਾਂ ਨਾਲ ਹੀ ਉਹ ਖੁਦ ਅਤੇ ਕਾਂਸਟੇਬਲ ਜਸਵਿੰਦਰ ਸਿੰਘ ਇੱਕ ਹੋਰ ਮੋਟਰਸਾਈਕਲ ’ਤੇ ਵਾਪਸ ਆ ਰਹੇ ਸਨ। ਜਦ ਕਿ ਏ.ਐਸ.ਆਈ. ਮੁਖਤਿਆਰ ਸਿੰਘ  ਵੱਖ ਮੋਟਰਸਾਈਕਲ ‘ਤੇ ਆ ਰਹੇ ਸੀ। ਇਸ ਦੌਰਾਨ ਜਦੋਂ ਉਹ ਜਲੰਧਰ ਰੋਡ ਬਟਾਲਾ ’ਤੇ ਸਥਿਤ ਸ਼ੇਰ-ਏ-ਪੰਜਾਬ ਢਾਬੇ ਦੇ ਨੇੜੇ ਪਹੁੰਚੇ ਤਾਂ ਇੱਕ ਤੇਜ਼ ਰਫ਼ਤਾਰ ਇਨੋਵਾ ਕਾਰ ਦੇ ਡਰਾਈਵਰ ਨੇ ਏ.ਐਸ.ਆਈ. ਮੁਖਤਿਆਰ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਟੱਕਰ ਲੱਗਣ ਕਾਰਨ ਏ.ਐਸ.ਆਈ. ਮੁਖਤਿਆਰ ਸਿੰਘ ਆਪਣੇ ਮੋਟਰਸਾਈਕਲ ਸਮੇਤ ਸੜਕ ’ਤੇ ਡਿੱਗ ਪਏ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਦਕਿ ਇਨੋਵਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਸਥਾਨਕ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਚੌਕੀ ਇੰਚਾਰਜ ਨੇ ਅੱਗੇ ਦੱਸਿਆ ਕਿ ਏ.ਐਸ.ਆਈ. ਸੁਖਵੰਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਿਵਲ ਲਾਈਨਜ਼ ਵਿੱਚ ਅਣਪਛਾਤੇ ਇਨੋਵਾ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *