ਪਾਕਿਸਤਾਨ ਦਾ ਦਾਅਵਾ: ਭਾਰਤੀ ਡਰੋਨ ਕਈ ਸ਼ਹਿਰਾਂ ‘ਚ ਦਾਖਲ, ਫੌਜੀਆਂ ਤੇ ਨਾਗਰਿਕਾਂ ਨੂੰ ਪਹੁੰਚਾਇਆ ਨੁਕਸਾਨ!

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਭਾਰਤ ਵੱਲੋਂ 7 ਅਤੇ 8 ਮਈ ਦੀ ਦਰਮਿਆਨੀ ਰਾਤ ਨੂੰ ਕਈ ਸ਼ਹਿਰਾਂ ‘ਚ ਡਰੋਨ ਭੇਜੇ ਗਏ।

ਪਾਕਿ ਫੌਜ ਦੇ ਬੁਲਾਰੇ DG ISPR ਮੇਜਰ ਜਨਰਲ ਅਹਮਦ ਸ਼ਰੀਫ਼ ਨੇ ਬੁੱਧਵਾਰ ਰਾਤ ਇਕ ਸੰਬੋਧਨ ਦੌਰਾਨ ਕਿਹਾ ਕਿ ਭਾਰਤੀ ਡਰੋਨ ਕਈ ਥਾਵਾਂ ‘ਤੇ ਪਾਕਿ ਹਵਾਈ ਹੱਦ ਵਿੱਚ ਦਾਖਲ ਹੋਏ, ਜਿਨ੍ਹਾਂ ਵਿੱਚੋਂ 12 ਡਰੋਨ ਪਾਕਿ ਹਵਾਈ ਰੱਖਿਆ ਪ੍ਰਣਾਲੀ ਵੱਲੋਂ ਮਾਰ ਗਿਰਾਏ ਗਏ।

ਉਨ੍ਹਾਂ ਦੱਸਿਆ ਕਿ ਡਰੋਨਾਂ ਦਾ ਮਲਬਾ ਲਾਹੌਰ, ਗੁਜਰਾਂਵਾਲਾ, ਚਕਵਾਲ, ਰਾਵਲਪਿੰਡੀ, ਅਟਕ, ਬਹਾਵਲਪੁਰ, ਮਿਆਣੋ, ਛੋਰ ਅਤੇ ਕਰਾਚੀ ਵਰਗੇ ਇਲਾਕਿਆਂ ਤੋਂ ਮਿਲਿਆ ਹੈ।

ਲਾਹੌਰ ‘ਚ ਇਕ ਡਰੋਨ ਹਮਲੇ ਦੌਰਾਨ 4 ਪਾਕਿ ਫੌਜੀ ਜ਼ਖਮੀ ਹੋਏ ਹਨ ਅਤੇ ਫੌਜੀ ਢਾਂਚੇ ਨੂੰ ਨੁਕਸਾਨ ਹੋਇਆ। ਉੱਥੇ ਹੀ ਸਿੰਧ ਦੇ ਮਿਆਣੋ ਇਲਾਕੇ ‘ਚ ਇਕ ਨਾਗਰਿਕ ਦੀ ਮੌਤ ਹੋਈ ਤੇ ਦੂਜਾ ਜ਼ਖਮੀ ਹੋਇਆ।

ਪਾਕਿਸਤਾਨ ਨੇ ਇਹ ਵੀ ਦਾਅਵਾ ਕੀਤਾ ਕਿ ਹਾਲੀਆ ਝੜਪਾਂ ‘ਚ ਭਾਰਤ ਦੇ 5 ਜਹਾਜ਼ ਅਤੇ ਕਈ ਹੋਰ ਡਰੋਨ ਵੀ ਤਬਾਹ ਕੀਤੇ ਗਏ ਹਨ। ਜਨਰਲ ਸ਼ਰੀਫ਼ ਨੇ ਕਿਹਾ, “ਭਾਰਤ ਦੀਆਂ ਕਾਰਵਾਈਆਂ ਨਾਲ ਹਾਲਾਤ ਹੋਰ ਵਿਗੜ ਰਹੇ ਹਨ। ਸਾਡੀ ਫੌਜ ਪੂਰੀ ਤਰ੍ਹਾਂ ਤਿਆਰ ਹੈ ਤੇ ਅਸੀਂ ਆਪਣੀ ਖੁਦਮੁਖਤਿਆਰੀ ਦੀ ਰਾਖੀ ਕਰਾਂਗੇ।”

ਇਹ ਦਾਅਵੇ ਓਸ ਸਮੇਂ ਆਏ ਹਨ ਜਦ ਭਾਰਤ ਨੇ ਕੁਝ ਦਿਨ ਪਹਿਲਾਂ ‘ਆਪਰੇਸ਼ਨ ਸੰਧੂਰ’ ਲਾਂਚ ਕਰਕੇ ਪਾਕਿਸਤਾਨ ਅਤੇ ਪਾਕ-ਅਧਿਕ੍ਰਿਤ ਕਸ਼ਮੀਰ ‘ਚ ਅੱਤਵਾਦੀ ਠਿਕਾਣਿਆਂ ‘ਤੇ ਹਮਲੇ ਕੀਤੇ ਸਨ। ਇਹ ਹਮਲੇ 22 ਅਪ੍ਰੈਲ ਨੂੰ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਜੋਂ ਕੀਤੇ ਗਏ ਸਨ, ਜਿਸ ‘ਚ 26 ਲੋਕ ਮਾਰੇ ਗਏ ਸਨ।

ਭਾਰਤ ਵੱਲੋਂ ਹਾਲੇ ਤੱਕ ਪਾਕਿਸਤਾਨ ਦੇ ਨਵੇਂ ਦਾਅਵਿਆਂ ‘ਤੇ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ।

By Rajeev Sharma

Leave a Reply

Your email address will not be published. Required fields are marked *