ਪਨਾਮਾ ਵੱਲੋਂ ਅਤਿਵਾਦ ਖ਼ਿਲਾਫ ਜੰਗ ’ਚ ਭਾਰਤ ਨੂੰ ਹਮਾਇਤ ਦਾ ਭਰੋਸਾ

ਨੈਸ਼ਨਲ ਟਾਈਮਜ਼ ਬਿਊਰੋ :- ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਅਗਵਾਈ ਹੇਠ ਸਰਬ-ਪਾਰਟੀ ਵਫ਼ਦ ਨੇ ਇਥੇ ਨੈਸ਼ਨਲ ਅਸੈਂਬਲੀ ਦੀ ਮੁਖੀ ਡਾਨਾ ਕਾਸਟਾਨੇਡਾ ਨਾਲ ਮੁਲਾਕਾਤ ਕੀਤੀ ਅਤੇ ਅਤਿਵਾਦ ਨੂੰ ਬਰਦਾਸ਼ਤ ਨਾ ਕਰਨ ਦੇ ਨਵੀਂ ਦਿੱਲੀ ਦੇ ਮਜ਼ਬੂਤ ਸੁਨੇਹੇ ਤੋਂ ਜਾਣੂ ਕਰਵਾਇਆ। ਇਸ ਦੌਰਾਨ ਪਨਾਮਾ ਨੇ ਭਾਰਤ ਨੂੰ ਅਤਿਵਾਦ ਖ਼ਿਲਾਫ਼ ਜੰਗ ’ਚ ਹਮਾਇਤ ਦਾ ਭਰੋਸਾ ਦਿੱਤਾ। ਇਹ ਉਨ੍ਹਾਂ ਸੱਤ ਬਹੁ-ਪਾਰਟੀ ਵਫ਼ਦਾਂ ’ਚੋਂ ਇਕ ਹੈ ਜਿਨ੍ਹਾਂ ਨੂੰ ਭਾਰਤ ਨੇ 22 ਅਪਰੈਲ ਨੂੰ ਪਹਿਲਗਾਮ ’ਚ ਹੋਏ ਅਤਿਵਾਦੀ ਹਮਲੇ ਮਗਰੋਂ ਕੌਮਾਂਤਰੀ ਭਾਈਚਾਰੇ ਤੱਕ ਪਹੁੰਚ ਬਣਾਉਣ ਲਈ 33 ਮੁਲਕਾਂ ਦੀਆਂ ਰਾਜਧਾਨੀਆਂ ਦਾ ਦੌਰਾ ਕਰਨ ਦਾ ਕੰਮ ਸੌਂਪਿਆ ਗਿਆ ਹੈ। ਥਰੂਰ ਨੇ ਬੁੱਧਵਾਰ ਸਵੇਰੇ ‘ਐਕਸ’ ’ਤੇ ਕਿਹਾ ਕਿ ਵਫ਼ਦ ਨੇ ਕਾਸਟਾਨੇਡਾ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨਾਲ ਸੰਸਦ ਦੇ ਸੀਨੀਅਰ ਐਡਵਿਨ ਵਰਵਾਰਾ ਅਤੇ ਜੂਲੀਓ ਡੀ ਲਾ ਗਾਰਡੀਆ ਵੀ ਸਨ। ਥਰੂਰ ਨੇ ਲਿਖਿਆ, ‘‘ਉਨ੍ਹਾਂ ਨੂੰ ਆਪਣੇ ਮਿਸ਼ਨ ਬਾਰੇ ਦੱਸਿਆ ਅਤੇ ਅਤਿਵਾਦ ਖ਼ਿਲਾਫ਼ ਭਾਰਤ ਦੀ ਜੰਗ ਨੂੰ ਸਮਝਣ ਤੇ ਹਮਾਇਤ ਦੇਣ ਦਾ ਪੁਖ਼ਤਾ ਭਰੋਸਾ ਮਿਲਿਆ।’’ ਮੰਗਲਵਾਰ ਨੂੰ ਮੁਲਾਕਾਤ ਦੌਰਾਨ ਕਾਂਗਰਸੀ ਸੰਸਦ ਮੈਂਬਰ ਨੇ ਨੈਸ਼ਨਲ ਅਸੈਂਬਲੀ ਦੀ ਮੁਖੀ ਨੂੰ ਕਸ਼ਮੀਰੀ ਸ਼ਾਲ ਭੇਟ ਕੀਤੀ ਜਿਸ ਦੇ ਜਵਾਬ ’ਚ ਉਨ੍ਹਾਂ ਯੋਧਿਆਂ ਨਾਲ ਸਬੰਧਤ ਚਿੰਨ੍ਹ ਭੇਟ ਕੀਤਾ। ਇਸ ਤੋਂ ਪਹਿਲਾਂ ਥਰੂਰ ਨੇ ਵਿਜ਼ਿਟਰ ਬੁੱਕ ’ਚ ਦਸਤਖ਼ਤ ਕੀਤੇ ਅਤੇ ਨੈਸ਼ਨਲ ਅਸੈਂਬਲੀ ਦੇ ਮੁੱਖ ਹਾਲ ਦਾ ਦੌਰਾ ਕੀਤਾ। ਵਫ਼ਦ ਦੇ ਮੈਂਬਰਾਂ ਨੇ ਪਨਾਮਾ ਸਿਟੀ ’ਚ ਭਾਰਤ ਸਭਿਆਚਾਰਕ ਕੇਂਦਰ ਦਾ ਵੀ ਦੌਰਾ ਕੀਤਾ ਅਤੇ ਉਥੇ ਮੰਦਰ ’ਚ ਪੂਜਾ ਕੀਤੀ। ਥਰੂਰ ਨੇ ‘ਐਕਸ’ ’ਤੇ ਲਿਖਿਆ, ‘‘ਸਾਡੇ ਮੁਸਲਿਮ ਸਹਿਯੋਗੀ ਸਰਫਰਾਜ਼ ਅਹਿਮਦ ਨੂੰ ਮੰਦਰ ’ਚ ਆਪਣੇ ਹਿੰਦੂ ਅਤੇ ਸਿੱਖ ਸਾਥੀਆਂ ਨਾਲ ਦੇਖਣਾ ਭਾਵੁਕ ਕਰ ਦੇਣ ਵਾਲਾ ਸੀ। ਉਨ੍ਹਾਂ ਕਿਹਾ ਕਿ ਜਦੋਂ ਸੱਦਣ ਵਾਲਿਆਂ ਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਜਾਣ ਵਾਲਿਆਂ ਨੂੰ ਇਤਰਾਜ਼ ਕਿਉਂ ਹੋਵੇਗਾ।’’ ਉਨ੍ਹਾਂ ਪਨਾਮਾ ’ਚ ਭਾਰਤੀ ਫਿਰਕੇ ਦੇ ਮੈਂਬਰਾਂ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ, ‘‘ਪਨਾਮਾ ’ਚ ਭਾਰਤੀ ਫਿਰਕੇ ਦੇ 300 ਵਿਅਕਤੀਆਂ (ਮੁੱਖ ਤੌਰ ’ਤੇ ਗੁਜਰਾਤੀ ਤੇ ਸਿੰਧੀ ਅਤੇ ਕੁਝ ਹੋਰ) ਨਾਲ ਇਕ ਯਾਦਗਾਰ ਸ਼ਾਮ ਸੀ। ਮੈਂ ਆਪਣੇ ਮਿਸ਼ਨ ’ਚ ਹਾਜ਼ਰ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਸਹਿਯੋਗੀਆਂ ਨੂੰ ਵੀ ਇਸ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ’ਚੋਂ ਚਾਰ ਨੇ ਜਦੋਂ ਹਿੰਦੀ ’ਚ ਸੰਬੋਧਨ ਕੀਤਾ ਤਾਂ ਖੂਬ ਤਾੜੀਆਂ ਵੱਜੀਆਂ।’’ ਵਫ਼ਦ ’ਚ ਸਰਫਰਾਜ਼ ਅਹਿਮਦ (ਝਾਰਖੰਡ ਮੁਕਤੀ ਮੋਰਚਾ), ਜੀਐੱਮ ਹਰੀਸ਼ ਬਾਲਯੋਗੀ (ਟੀਡੀਪੀ), ਸ਼ਸ਼ਾਂਕ ਮਣੀ ਤ੍ਰਿਪਾਠੀ (ਭਾਜਪਾ), ਭੁਬਨੇਸ਼ਵਰ ਕਾਲਿਤਾ (ਭਾਜਪਾ), ਮਿਲਿੰਦ ਦਿਓੜਾ (ਸ਼ਿਵ ਸੈਨਾ), ਤੇਜਸਵੀ ਸੂਰਿਆ (ਭਾਜਪਾ) ਤੇ ਅਮਰੀਕਾ ’ਚ ਭਾਰਤ ਦੇ ਸਾਬਕਾ ਸਫ਼ੀਰ ਤਰਨਜੀਤ ਸਿੰਘ ਸੰਧੂ ਸ਼ਾਮਲ ਹਨ।

By Rajeev Sharma

Leave a Reply

Your email address will not be published. Required fields are marked *