ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ‘ਚ ਪੰਚਾਇਤ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਚੋਣੀ ਜੰਗ ਦਾ ਐਲਾਨ ਹੋ ਚੁੱਕਾ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਸੂਬੇ ਦੇ ਸਾਰੇ ਐਡੀਸ਼ਨਲ ਡਿਪਟੀ ਕਮਿਸ਼ਨਰਾਂ (ADC) ਨੂੰ ਹੁਕਮ ਦਿੱਤੇ ਗਏ ਹਨ ਕਿ 5 ਅਕਤੂਬਰ ਤੋਂ ਪਹਿਲਾਂ-ਪਹਿਲਾਂ ਚੋਣਾਂ ਨੂੰ ਮੁਕੰਮਲ ਕਰਵਾਇਆ ਜਾਵੇ।
ਇਸ ਸਬੰਧੀ ਵਿਭਾਗ ਨੇ ਇੱਕ ਚਿੱਠੀ ਜਾਰੀ ਕਰਕੇ ਸੂਬੇ ਭਰ ਦੇ ਅਧਿਕਾਰੀਆਂ ਨੂੰ ਚੋਣ ਤਿਆਰੀਆਂ ਦੀ ਰਿਪੋਰਟ ਤੁਰੰਤ ਭੇਜਣ ਦੀ ਹਦਾਇਤ ਦਿੱਤੀ ਹੈ। ਚੋਣ ਹਲਕੇ ਬਲਾਕਾਂ ਦੇ ਨਵੇਂ ਪੁਨਰਗਠਨ ਦੇ ਅਧਾਰ ‘ਤੇ ਤੈਅ ਕੀਤੇ ਜਾਣਗੇ, ਜਿਸ ਲਈ ਨਕਸ਼ਿਆਂ ਦੀ ਪੜਤਾਲ ਅਤੇ ਨਵੇਂ ਹਲਕਿਆਂ ਦੀ ਡਿਮਾਰਕੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਪੇਂਡੂ ਲੋਕਤੰਤਰ ਨੂੰ ਮਜ਼ਬੂਤ ਕਰਨ ਵੱਲ ਇਕ ਹੋਰ ਕਦਮ ਦੇ ਤੌਰ ‘ਤੇ ਇਹ ਚੋਣਾਂ ਪੰਜਾਬ ਲਈ ਬਹੁਤ ਜਰੂਰੀ ਮੰਨੀ ਜਾ ਰਹੀਆਂ ਹਨ। ਵਿਭਾਗ ਦੇ ਅਧਿਕਾਰੀਆਂ ਮੁਤਾਬਕ, ਚੋਣ ਪ੍ਰਕਿਰਿਆ ਨੂੰ ਨਿਰਪੱਖ, ਸ਼ਾਂਤੀਪੂਰਨ ਅਤੇ ਸਮੇਂ ਸਿਰ ਸੰਪੰਨ ਕਰਵਾਉਣ ਲਈ ਸਾਰੇ ਸੰਭਵ ਉਪਾਇਆ ਕੀਤੇ ਜਾਣਗੇ।
ਇਸ ਤਾਜ਼ਾ ਹਲਚਲ ਨਾਲ ਪੇਂਡੂ ਰਾਜਨੀਤੀ ‘ਚ ਗਤੀਵਿਧੀਆਂ ਤੇਜ਼ ਹੋਣ ਦੀ ਸੰਭਾਵਨਾ ਹੈ ਅਤੇ ਸਿਆਸੀ ਪਾਰਟੀਆਂ ਨੇ ਵੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।