ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਟਿਆਲਾ ‘ਚ ਫੌਜ ਦੇ ਕਰਨਲ ਅਤੇ ਉਸਦੇ ਪੁੱਤਰ ਨਾਲ ਹੋਈ ਪੁਲਿਸ ਦੀ ਬੇਰਹਿਮ ਕੁੱਟਮਾਰ ਦੀ ਘਟਨਾ ਦੀ ਨਿੰਦਾ ਕਰਦਿਆਂ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਬਰਖ਼ਾਸਤ ਕਰਨ ਅਤੇ ਸੁਤੰਤਰ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ, “ਇਹ ਦਿਖਾਉਂਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੇਠ ਪੰਜਾਬ ਵਿੱਚ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਬੇਹਾਲ ਹੋ ਚੁੱਕੀ ਹੈ। ਜੇਕਰ ਇੱਕ ਉੱਚ ਦਰਜੇ ਦੇ ਫੌਜੀ ਅਧਿਕਾਰੀ ਤੇ ਉਸਦੇ ਪਰਿਵਾਰ ਦੀ ਭੀ ਸੁਰੱਖਿਆ ਨਹੀਂ, ਤਾਂ ਆਮ ਜਨਤਾ ਦੀ ਹਾਲਤ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ।”
“ਨਿਆਂਇਕ ਜਾਂਚ ਹੀ ਦੇ ਸਕਦੀ ਹੈ ਇਨਸਾਫ਼”
ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਪੁਲਿਸ ‘ਤੇ ਭਰੋਸਾ ਨਾ ਹੋਣ ਦੀ ਗੱਲ ਕਹਿੰਦਿਆਂ ਕਿਹਾ, “ਜੇਕਰ ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਖੁਦ ਕਰੇਗੀ, ਤਾਂ ਇਹ ਸਿਰਫ਼ ਮੀਡੀਆ ਦਾ ਧਿਆਨ ਹਟਾਉਣ ਅਤੇ ਅਧਿਕਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਹੋਵੇਗੀ।” ਉਨ੍ਹਾਂ ਸੁਤੰਤਰ ਨਿਆਂਇਕ ਜਾਂਚ ਦੀ ਮੰਗ ਕੀਤੀ, ਤਾਂ ਜੋ ਦੋਸ਼ੀਆਂ ‘ਤੇ ਸਖ਼ਤ ਕਾਰਵਾਈ ਹੋ ਸਕੇ।
“ਮੈਂ ਵਿਧਾਨ ਸਭਾ ‘ਚ ਮਾਮਲਾ ਉਠਾਵਾਂਗਾ”
ਉਨ੍ਹਾਂ ਆਗਾਹ ਕੀਤਾ ਕਿ “ਜੇਕਰ ਪੰਜਾਬ ਸਰਕਾਰ ਨੇ ਜ਼ਿੰਮੇਵਾਰ ਅਧਿਕਾਰੀਆਂ ‘ਤੇ ਤੁਰੰਤ ਕਾਰਵਾਈ ਨਾ ਕੀਤੀ, ਤਾਂ ਮੈਂ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੌਰਾਨ ਇਹ ਮਾਮਲਾ ਉਠਾਵਾਂਗਾ ਅਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿਵਾਣ ਲਈ ਲੜਾਈ ਜਾਰੀ ਰਖਾਂਗਾ।”
“ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਜਾਗਣ”
ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਸ ਮਾਮਲੇ ਵਿੱਚ ਤੁਰੰਤ ਹਸਤਖ਼ਸੇਪ ਕਰਨ ਦੀ ਅਪੀਲ ਕਰਦਿਆਂ ਕਿਹਾ, “ਪੰਜਾਬ ਦੀ ਕਾਨੂੰਨ-ਵਿਵਸਥਾ ਖ਼ਤਰੇ ‘ਚ ਹੈ। ਹੁਣ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਸਰਕਾਰ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ।”
ਪਿਛਲੇ ਦਿਨਾਂ ਵਾਪਰੀ ਸੀ ਘਟਨਾ
ਯਾਦ ਰਹੇ ਕਿ ਪਿਛਲੇ ਦਿਨੀਂ ਪਟਿਆਲਾ ‘ਚ ਤਿੰਨ SHO ਰੈਂਕ ਦੇ ਪੁਲਿਸ ਅਧਿਕਾਰੀਆਂ ਨੇ ਇੱਕ ਕਰਨਲ ਅਤੇ ਉਸਦੇ ਪੁੱਤਰ ਨਾਲ ਕੁੱਟਮਾਰ ਕੀਤੀ ਸੀ। ਇਹ ਮਾਮਲਾ ਤਦ ਵਧ ਚੜ੍ਹ ਗਿਆ, ਜਦੋਂ ਕਰਨਲ ਅਤੇ ਉਸਦੀ ਪਤਨੀ ਨੇ ਮੀਡੀਆ ਅੱਗੇ ਆਪਣੀ ਪੀੜਾ ਜ਼ਾਹਿਰ ਕੀਤੀ।