ਬੇਅਦਬੀ ਬਿੱਲ ‘ਤੇ ਪ੍ਰਤਾਪ ਸਿੰਘ ਬਾਜਵਾ ਨੇ ਸਦਨ ‘ਚ ਰੱਖੀਆਂ ਵੱਡੀਆਂ ਗੱਲਾਂ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿਧਾਨ ਸਭਾ ‘ਚ ਬੇਅਦਬੀ ਖ਼ਿਲਾਫ਼ ਪੇਸ਼ ਕੀਤੇ ਗਏ ਬਿੱਲ ਬਾਰੇ ਬੋਲਦਿਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਬਹੁਤ ਅਹਿਮ ਬਿੱਲ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਬੀਤੇ ਦਿਨ ਇਹ ਗੱਲ ਕਹੀ ਸੀ ਕਿ ਜੇਕਰ ਅਸੀਂ ਇਸ ਬਿੱਲ ਲਈ ਸਮਾਂ ਮੰਗ ਰਹੇ ਹਾਂ ਤਾਂ ਕੀ ਤੁਸੀਂ ਤਿਆਰ ਨਹੀਂ ਹੋ ਤਾਂ ਅਸੀਂ ਸਿਰਫ 12 ਘੰਟੇ ਮੰਗੇ ਸਨ। ਉਨ੍ਹਾਂ ਕਿਹਾ ਕਿ ਬੇਅਦਬੀ ਬਿੱਲ ‘ਤੇ ਅੱਜ ਪੂਰਾ ਦਿਨ ਬਹਿਸ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਗ੍ਰੰਥ ਚੋਰੀ ਹੋ ਜਾਂਦਾ ਹੈ ਤਾਂ ਇਸ ਸਬੰਧੀ ਧਾਰਾ ਵੀ ਇਸ ਬਿੱਲ ‘ਚ ਜੋੜੀ ਜਾਵੇ। ਇਸ ਦੇ ਨਾਲ ਹੀ ਜਾਂਚ ਦਾ ਸਮਾਂ ਵੀ 30 ਦਿਨਾਂ ਦਾ ਤੈਅ ਕੀਤਾ ਜਾਣਾ ਚਾਹੀਦਾ ਹੈ।

ਇਸ ਤੋਂ ਬਾਅਦ ਵੀ ਜੇਕਰ ਜਾਂਚ ਮੁਕੰਮਲ ਨਹੀਂ ਹੋਈ ਡੀ. ਜੀ. ਪੀ. ਨੂੰ ਇਸ ਦੀ ਗੰਭੀਰਤਾ ਪਤਾ ਹੋਣੀ ਚਾਹੀਦੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿੱਥੇ ਵੀ ਜਾਂਚ ਗਲਤ ਪਾਈ ਜਾਵੇ ਤਾਂ ਉਸ ਅਧਿਕਾਰੀ ਖ਼ਿਲਾਫ਼ ਜਾਂਚ ਹੋਣੀ ਚਾਹੀਦੀ ਹੈ। ਕੋਈ ਵੀ ਧਾਰਮਿਕ ਧਰਨਾ ਕਿਤੇ ਵੀ ਹੋਵੇ, ਉੱਥੇ ਅਸਲ ਗੋਲੀਆਂ ਨਹੀਂ ਚੱਲਣੀਆਂ ਚਾਹੀਦੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਉਹ ਬਿੱਲ ਪੇਸ਼ ਕੀਤਾ ਹੈ, ਜਿਹੜਾ ਸਾਲ 2018 ‘ਚ ਕਾਂਗਰਸ ਲੈ ਕੇ ਆਈ ਸੀ।

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਭ ਤੋਂ ਵੱਡੀ ਬੇਅਦਬੀ ਸਾਲ 2015 ‘ਚ ਹੋਈ। ਫਿਰ ਬਰਗਾੜੀ ਕਾਂਡ ਹੋਇਆ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਨਸ਼ਟ ਕੀਤਾ ਗਿਆ ਸੀ। ਇਸ ਤੋਂ ਬਾਅਦ ਉੱਥੇ ਧਰਨੇ ਸ਼ੁਰੂ ਹੋ ਗਏ। ਇਸ ਘਟਨਾ ਤੋਂ ਦੁਖੀ ਸੰਗਤਾਂ ਜਦੋਂ ਧਰਨੇ ‘ਤੇ ਬੈਠ ਗਈਆਂ ਤਾਂ ਉਨ੍ਹਾਂ ‘ਤੇ ਫਾਇਰਿੰਗ ਕਰ ਦਿੱਤੀ ਗਈ। ਇਸ ਦੌਰਾਨ ਕਈ ਲੋਕ ਜ਼ਖਮੀ ਹੋਏ ਅਤੇ ਬਹਿਬਲ ਕਲਾਂ ‘ਚ 2 ਸਿੰਘ ਸ਼ਹੀਦ ਹੋ ਗਏ। ਬੇਅਦਬੀਆਂ ਦੇ ਮਾਮਲਿਆਂ ਸਬੰਧੀ ਪ੍ਰਤਾਪ ਸਿੰਘ ਬਾਜਵਾ ਨੇ ਸ. ਪ੍ਰਕਾਸ਼ ਸਿੰਘ ਬਾਦਲ ਸਣੇ ਹੋਰ ਅਕਾਲੀ ਆਗੂਆਂ ‘ਤੇ ਗੰਭੀਰ ਇਲਜ਼ਾਮ ਲਾਏ।

By Gurpreet Singh

Leave a Reply

Your email address will not be published. Required fields are marked *