ਦੁਨੀਆ ਦੇ ਸਭ ਤੋਂ ਅਮੀਰ ਲੋਕ ਕਿਸ ਧਰਮ ਨਾਲ ਸਬੰਧਤ ਹਨ? ਇੱਕ ਨਵੀਂ ਰਿਪੋਰਟ ਦੇ ਅਨੁਸਾਰ, ਈਸਾਈਆਂ ਕੋਲ ਦੁਨੀਆ ‘ਚ ਸਭ ਤੋਂ ਵੱਧ ਦੌਲਤ ਹੈ। ਇਸ ਤੋਂ ਬਾਅਦ ਮੁਸਲਮਾਨਾਂ ਦੀ ਵਾਰੀ ਆਉਂਦੀ ਹੈ ਅਤੇ ਫਿਰ ਹਿੰਦੂਆਂ ਦੀ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦੁਨੀਆ ਦੀ ਕੁੱਲ ਦੌਲਤ ਦਾ ਇੱਕ ਵੱਡਾ ਹਿੱਸਾ ਉਨ੍ਹਾਂ ਲੋਕਾਂ ਕੋਲ ਹੈ ਜੋ ਕਿਸੇ ਵੀ ਧਰਮ ‘ਚ ਵਿਸ਼ਵਾਸ ਨਹੀਂ ਰੱਖਦੇ।
ਨਿਊ ਵਰਲਡ ਵੈਲਥ ਰਿਪੋਰਟ ਦੇ ਅਨੁਸਾਰ, ਧਰਮ ਦੇ ਆਧਾਰ ‘ਤੇ ਸਭ ਤੋਂ ਵੱਧ ਦੌਲਤ ਰੱਖਣ ਵਾਲੇ ਲੋਕ ਈਸਾਈ ਹਨ। ਈਸਾਈਆਂ ਕੋਲ 107,280 ਬਿਲੀਅਨ ਅਮਰੀਕੀ ਡਾਲਰ ਦੀ ਦੌਲਤ ਹੈ, ਜੋ ਕਿ ਦੁਨੀਆ ਦੀ ਕੁੱਲ ਦੌਲਤ ਦਾ 55 ਪ੍ਰਤੀਸ਼ਤ ਹੈ।
ਈਸਾਈਆਂ ਤੋਂ ਬਾਅਦ, ਮੁਸਲਮਾਨ ਆਉਂਦੇ ਹਨ। ਦੁਨੀਆ ਭਰ ਦੇ ਮੁਸਲਿਮ ਭਾਈਚਾਰੇ ਕੋਲ 11,335 ਬਿਲੀਅਨ ਅਮਰੀਕੀ ਡਾਲਰ ਦੀ ਦੌਲਤ ਹੈ, ਜੋ ਕਿ ਕੁੱਲ ਦੌਲਤ ਦਾ 5.9 ਪ੍ਰਤੀਸ਼ਤ ਹੈ। ਹਿੰਦੂ ਧਰਮ ਦੇ ਲੋਕ ਤੀਜੇ ਸਥਾਨ ‘ਤੇ ਹਨ, ਜਿਨ੍ਹਾਂ ਕੋਲ 6,505 ਬਿਲੀਅਨ ਅਮਰੀਕੀ ਡਾਲਰ (3.3 ਪ੍ਰਤੀਸ਼ਤ) ਦੀ ਦੌਲਤ ਹੈ।
ਇਸ ਤੋਂ ਇਲਾਵਾ, ਯਹੂਦੀ ਧਰਮ ਦੇ ਲੋਕਾਂ ਕੋਲ 2,079 ਬਿਲੀਅਨ ਅਮਰੀਕੀ ਡਾਲਰ ਦੀ ਦੌਲਤ ਹੈ, ਜੋ ਕਿ ਕੁੱਲ ਦੌਲਤ ਦਾ 1.1 ਪ੍ਰਤੀਸ਼ਤ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦੁਨੀਆ ਦੇ 10 ਸਭ ਤੋਂ ਅਮੀਰ ਦੇਸ਼ਾਂ ਵਿੱਚੋਂ ਸੱਤ ਈਸਾਈ ਬਹੁਗਿਣਤੀ ਵਾਲੇ ਹਨ। ਇਸ ਤੋਂ ਇਲਾਵਾ, ਦੁਨੀਆ ਦੀ ਕੁੱਲ ਦੌਲਤ (67,832 ਬਿਲੀਅਨ ਅਮਰੀਕੀ ਡਾਲਰ) ਦਾ ਇੱਕ ਵੱਡਾ ਹਿੱਸਾ ਉਨ੍ਹਾਂ ਲੋਕਾਂ ਕੋਲ ਹੈ ਜੋ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ, ਜੋ ਕਿ ਕੁੱਲ ਦੌਲਤ ਦਾ 34.8 ਪ੍ਰਤੀਸ਼ਤ ਹੈ।