ਆਸਟ੍ਰੇਲੀਆ ‘ਚ ਚੋਣਾਂ ਦਾ ਐਲਾਨ, ਦੂਜੀ ਵਾਰ ਸਰਕਾਰ ਬਣਾਉਣ ਲਈ ਜ਼ੋਰ ਲਗਾਉਣਗੇ PM ਅਲਬਾਨੀਜ਼

ਆਸਟ੍ਰੇਲੀਆ ‘ਚ ਚੋਣਾਂ ਦੀ ਮਿਤੀ ਦਾ ਐਲਾਨ ਹੋ ਗਿਆ ਹੈ, ਜਿੱਥੇ ਹੁਣ 3 ਮਈ ਨੂੰ ਆਮ ਚੋਣਾਂ ਲਈ ਵੋਟਿੰਗ ਹੋਵੇਗੀ। ਇਨ੍ਹਾਂ ਚੋਣਾਂ ‘ਚ ਵਧਦੀ ਜਾ ਰਹੀ ਮਹਿੰਗਾਈ ਅਤੇ ਲੋਕਾਂ ਦੇ ਰਹਿਣ ਲਈ ਘਰਾਂ ਦੀ ਕਮੀ ਮੁੱਖ ਚੋਣ ਮੁੱਦੇ ਹੋ ਸਕਦੇ ਹਨ। 

ਦੇਸ਼ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਖੱਬੇ-ਪੱਖੀ ‘ਲੇਬਰ ਪਾਰਟੀ’ ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਲਬਾਨੀਜ਼ ਨੇ ਸ਼ੁੱਕਰਵਾਰ ਨੂੰ ਚੋਣ ਪ੍ਰਕਿਰਿਆ ਸ਼ੁਰੂ ਕਰਨ ਲਈ ਗਵਰਨਰ ਜਨਰਲ ਸੈਮ ਮੋਸਟਿਨ ਦੇ ਸਰਕਾਰੀ ਨਿਵਾਸ ਸਥਾਨ ‘ਤੇ ਜਾ ਕੇ ਕੰਮ ਕੀਤਾ ਅਤੇ ਬਾਅਦ ਵਿੱਚ ਸੰਸਦ ਭਵਨ ਵਿਖੇ ਇੱਕ ਨਿਊਜ਼ ਕਾਨਫਰੰਸ ਦੌਰਾਨ ਚੋਣ ਮਿਤੀ ਦਾ ਐਲਾਨ ਕੀਤਾ। 

ਉਨ੍ਹਾਂ ਕਿਹਾ, “ਸਾਡੀ ਸਰਕਾਰ ਨੇ ਵਿਸ਼ਵਵਿਆਪੀ ਚੁਣੌਤੀਆਂ ਨਾਲ ਨਜਿੱਠਣ ਲਈ ਆਸਟ੍ਰੇਲੀਆਈ ਤਰੀਕਾ ਚੁਣਿਆ ਹੈ : ਭਵਿੱਖ ਲਈ ਨਿਰਮਾਣ ਕਰਦੇ ਹੋਏ ਲੋਕਾਂ ਨੂੰ ਰਹਿਣ-ਸਹਿਣ ਦੇ ਖਰਚਿਆਂ ਦੇ ਦਬਾਅ ਨਾਲ ਨਜਿੱਠਣ ਵਿੱਚ ਮਦਦ ਕਰਨਾ।” 

ਕਈ ਵਿਸ਼ਲੇਸ਼ਕਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਵਿਰੋਧੀ ਧਿਰ ਦੇ ਨੇਤਾ ਪੀਟਰ ਡੱਟਨ ਦੀ ਲਿਬਰਲ ਪਾਰਟੀ ਦੀ ਅਗਵਾਈ ਵਾਲਾ ਕੰਜ਼ਰਵੇਟਿਵ ਗੱਠਜੋੜ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਕਰੇਗਾ। 

ਅਲਬਾਨੀਜ਼ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਆਸਟ੍ਰੇਲੀਆ ਵਿੱਚ ਮਹਿੰਗਾਈ ਕਾਫ਼ੀ ਵਧ ਗਈ ਹੈ ਤੇ ਲੋਕਾਂ ਦੇ ਰਹਿਣ-ਸਹਿਣ ਦਾ ਖਰਚਾ ਵੀ ਵਧ ਗਿਆ ਹੈ। ਪਿਛਲੀਆਂ ਚੋਣਾਂ ਤੋਂ ਬਾਅਦ ਵਿਆਜ ਦਰਾਂ 12 ਵਾਰ ਵਧਾਈਆਂ ਗਈਆਂ ਹਨ। ਅਲਬਾਨੀਜ਼ ਨੇ 2023 ਵਿੱਚ ਪੰਜ ਸਾਲਾਂ ਵਿੱਚ 1.2 ਮਿਲੀਅਨ ਘਰ ਬਣਾ ਕੇ ਘਰਾਂ ਦੀ ਘਾਟ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਸੀ ਪਰ ਇਸ ਦਿਸ਼ਾ ਵਿੱਚ ਤਰੱਕੀ ਕਾਫ਼ੀ ਹੌਲੀ ਰਹੀ ਹੈ।

By Rajeev Sharma

Leave a Reply

Your email address will not be published. Required fields are marked *