ਪੀਐਮ ਜਸਟਿਨ ਟਰੂਡੋ ਕਿੰਗ ਚਾਰਲਸ ਨਾਲ ਕਰਨਗੇ ਮੁਲਾਕਾਤ, ਡੋਨਾਲਡ ਟਰੰਪ ਦੀ ਧਮਕੀ ਉਤੇ ਹੋਵੇਗੀ ਗੱਲਬਾਤ

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੋਮਵਾਰ ਨੂੰ ਬ੍ਰਿਟੇਨ ਦੇ ਰਾਜਾ ਚਾਰਲਸ ਤੀਜੇ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਟਰੂਡੋ ਉਨ੍ਹਾਂ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਕੈਨੇਡਾ ਨੂੰ 51ਵਾਂ ਰਾਜ ਬਣਾਉਣ ਦੀਆਂ “ਧਮਕੀਆਂ” ਬਾਰੇ ਚਰਚਾ ਕਰਨਗੇ। ਕੈਨੇਡਾ ਨੂੰ ਅਮਰੀਕਾ ਵਿੱਚ ਮਿਲਾਉਣ ਦੀਆਂ ਟਰੰਪ ਦੀਆਂ ਧਮਕੀਆਂ ‘ਤੇ ਚੁੱਪ ਰਹਿਣ ਲਈ ਮਹਾਰਾਜਾ ਦੀ ਕੈਨੇਡਾ ਵਿੱਚ ਆਲੋਚਨਾ ਕੀਤੀ ਗਈ ਹੈ।

ਟਰੂਡੋ ਨੇ ਐਤਵਾਰ ਨੂੰ ਲੰਡਨ ਵਿੱਚ ਕਿਹਾ ਕਿ ਉਹ ਚਾਰਲਸ ਨਾਲ ਕੈਨੇਡੀਅਨਾਂ ਨਾਲ ਸਬੰਧਤ ਮਹੱਤਵਪੂਰਨ ਮਾਮਲਿਆਂ ‘ਤੇ ਚਰਚਾ ਕਰਨਗੇ। ਉਨ੍ਹਾਂ ਕਿਹਾ, “ਇਸ ਸਮੇਂ ਕੈਨੇਡੀਅਨਾਂ ਲਈ ਆਪਣੀ ਪ੍ਰਭੂਸੱਤਾ ਅਤੇ ਇੱਕ ਰਾਸ਼ਟਰ ਵਜੋਂ ਆਪਣੀ ਆਜ਼ਾਦੀ ਲਈ ਖੜ੍ਹੇ ਹੋਣ ਤੋਂ ਵੱਧ ਮਹੱਤਵਪੂਰਨ ਕੁਝ ਨਹੀਂ ਹੈ।” ਚਾਰਲਸ ਕੈਨੇਡਾ ਵਿੱਚ ਰਾਜ ਦੇ ਮੁਖੀ ਹਨ। ਕੈਨੇਡਾ ਸਾਬਕਾ ਕਲੋਨੀਆਂ ਦੇ ਬ੍ਰਿਟਿਸ਼ ਰਾਸ਼ਟਰਮੰਡਲ ਦਾ ਮੈਂਬਰ ਹੈ। ਕੈਨੇਡਾ ਵਿੱਚ ਰਾਜਸ਼ਾਹੀ ਵਿਰੋਧੀ ਲਹਿਰ ਵਿਆਪਕ ਨਹੀਂ ਹੈ, ਪਰ ਟਰੰਪ ਦੀਆਂ ਧਮਕੀਆਂ ‘ਤੇ ਰਾਜੇ ਦੀ ਚੁੱਪੀ ਨੇ ਹਾਲ ਹੀ ਦੇ ਦਿਨਾਂ ਵਿੱਚ ਇਸ ਮਾਮਲੇ ‘ਤੇ ਚਰਚਾ ਛੇੜ ਦਿੱਤੀ ਹੈ।

ਕੈਨੇਡੀਅਨ ਪ੍ਰਧਾਨ ਮੰਤਰੀ ਇਸ ਸਮੇਂ ਬ੍ਰਿਟੇਨ ਦੇ ਦੌਰੇ ‘ਤੇ ਹਨ ਅਤੇ ਐਤਵਾਰ ਨੂੰ ਉਨ੍ਹਾਂ ਨੇ ਯੂਕ੍ਰੇਨ ਮੁੱਦੇ ‘ਤੇ ਯੂਰਪੀਅਨ ਨੇਤਾਵਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਵਿੱਚ ਸ਼ਿਰਕਤ ਕੀਤੀ। ਬ੍ਰਿਟੇਨ ਦੇ ਰਾਜਾ ਚਾਰਲਸ ਤੀਜੇ ਨੇ ਵੀ ਟਰੂਡੋ ਨੂੰ ਸੋਮਵਾਰ ਨੂੰ ਸਕਾਟਲੈਂਡ ਦੇ ਸਰਕਾਰੀ ਦੌਰੇ ‘ਤੇ ਆਉਣ ਦਾ ਸੱਦਾ ਦਿੱਤਾ ਹੈ। ਹਾਲਾਂਕਿ ਟਰੰਪ ਨੇ ਅਜੇ ਤੱਕ ਕੈਨੇਡਾ ਦੇ ਅਮਰੀਕਾ ਵਿੱਚ ਰਲੇਵੇਂ ਦੀ ਧਮਕੀ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਜਿਸ ਕਾਰਨ ਕੈਨੇਡਾ ਵਿੱਚ ਰਾਜਾ ਚਾਰਲਸ ਪ੍ਰਤੀ ਨਾਰਾਜ਼ਗੀ ਹੈ। ਕੈਨੇਡੀਅਨ ਸੰਵਿਧਾਨਕ ਵਕੀਲ ਲਾਇਲ ਸਕਿਨਰ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਲਿਖਿਆ, ‘ਬਹੁਤ ਚੰਗੀ ਖ਼ਬਰ ਹੈ ਕਿ ਪ੍ਰਧਾਨ ਮੰਤਰੀ ਕੱਲ੍ਹ ਕੈਨੇਡਾ ਦੇ ਰਾਜਾ ਨੂੰ ਮਿਲਣਗੇ।’ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਤੋਂ ਬਾਅਦ ਰਾਜਾ ਆਪਣੇ ਕੈਨੇਡੀਅਨ ਖੇਤਰ ਬਾਰੇ ਬਿਆਨ ਦੇਣਗੇ।

By Rajeev Sharma

Leave a Reply

Your email address will not be published. Required fields are marked *