ਸ਼ੰਭੂ-ਖਨੌਰੀ ਬਾਰਡਰ ‘ਤੇ ਪੁਲਿਸ ਕਾਰਵਾਈ, ਮੋਗਾ ‘ਚ ਵੀ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਲਈ ਛਾਪੇ, ਡੀ.ਸੀ, ਦਫਤਰਾਂ ਅੱਗੇ ਧਰਨੇ!

ਨੈਸ਼ਨਲ ਟਾਈਮਜ਼ ਬਿਊਰੋ :- ਸ਼ੰਭੂ ਅਤੇ ਖਨੌਰੀ ਬਾਰਡਰਾਂ ‘ਤੇ ਚੱਲ ਰਹੇ ਕਿਸਾਨ ਮੋਰਚਿਆਂ ਨੂੰ ਪੁਲਿਸ ਵੱਲੋਂ ਉਖੇੜ ਦਿੱਤਾ ਗਿਆ ਹੈ। ਉੱਥੇ ਹੀ, ਮੋਗਾ ਜ਼ਿਲ੍ਹੇ ਵਿੱਚ ਵੀ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਪਿੰਡ ਸ਼ਾਹ ਵਾਲਾ, ਧਰਮ ਸਿੰਘ ਵਾਲਾ, ਖੋਸਾ ਰਣਧੀਰ, ਤਲਵੰਡੀ ਮੱਲੀਆਂ, ਡੇਮਰੂ ਕਲਾ, ਪੱਤੋਂ ਆਦਿ ਪਿੰਡਾਂ ਵਿੱਚ ਛਾਪੇਮਾਰੀ ਕੀਤੀ ਗਈ।

ਭੁੱਖ ਹੜਤਾਲ ‘ਤੇ ਬੈਠੇ ਕਿਸਾਨ ਆਗੂ ਗ੍ਰਿਫ਼ਤਾਰ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਤਨਾਮ ਸਿੰਘ ਪੰਨੂ ਨੇ ਦੱਸਿਆ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਭੁੱਖ ਹੜਤਾਲ ‘ਤੇ ਬੈਠੇ ਸਨ। ਬੁੱਧਵਾਰ ਨੂੰ ਪੰਜਾਬ ਪੁਲਿਸ ਨੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸਦੇ ਨਾਲ ਹੀ, ਸ਼ੰਭੂ ਸਰਹੱਦ ‘ਤੇ ਕਿਸਾਨਾਂ ਵੱਲੋਂ ਬਣਾਏ ਆਰਜ਼ੀ ਪਲੇਟਫਾਰਮ ਤੋਂ ਪੱਖੇ ਵੀ ਹਟਾ ਦਿੱਤੇ ਗਏ।

ਕਿਸਾਨ ਆਗੂਆਂ ਵੱਲੋਂ ਸਰਕਾਰ ਦੀ ਨਿਖੇਧੀ

ਸਤਨਾਮ ਸਿੰਘ ਪੰਨੂ ਨੇ ਮੋਦੀ ਸਰਕਾਰ ਅਤੇ ਭਗਵੰਤ ਮਾਨ ਸਰਕਾਰ ‘ਤੇ ਗੰਭੀਰ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਜਮਹੂਰੀ ਹੱਕਾਂ ਦੀ ਉਲੰਘਣਾ ਕਰਦਿਆਂ ਧਰਨੇ ਉਤੇ ਜਬਰਦਸਤੀ ਕੀਤੀ ਗਈ। ਉਨ੍ਹਾਂ ਕਿਹਾ, “ਪੁਲਿਸ ਨੇ ਲਾਠੀਚਾਰਜ ਅਤੇ ਗ੍ਰਿਫ਼ਤਾਰੀਆਂ ਕਰਕੇ ਕਿਸਾਨਾਂ ਦੀ ਅਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸਦਾ ਭੁਗਤਾਨ ਸਰਕਾਰਾਂ ਨੂੰ ਕਰਨਾ ਪਵੇਗਾ।

“ਪੰਜਾਬ ਭਰ ਵਿੱਚ ਡੀਸੀ ਦਫਤਰਾਂ ਅੱਗੇ ਧਰਨੇ ਦਾ ਐਲਾਨ

ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਅੱਜ (ਵੀਰਵਾਰ) ਨੂੰ ਪੰਜਾਬ ਦੇ ਸਭ ਡੀਸੀ ਦਫਤਰਾਂ ਅੱਗੇ ਵੱਡੇ ਪੱਧਰ ‘ਤੇ ਧਰਨੇ ਲਗਾਏ ਜਾਣਗੇ। ਇਹਨਾਂ ਧਰਨਿਆਂ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਤੇ ਔਰਤਾਂ ਸ਼ਾਮਿਲ ਹੋਣਗੀਆਂ।

By Gurpreet Singh

Leave a Reply

Your email address will not be published. Required fields are marked *