ਗੁਰਪ੍ਰੀਤ ਸਿੰਘ :- ਗੁਰੂ ਨਗਰ ਸਥਿਤ ਲੁਹਾਰਕਾ ਰੋਡ ‘ਤੇ ਬੀਤੀ ਸ਼ਾਮ ਸਨਸਨੀਖੇਜ਼ ਵਾਰਦਾਤ ਵਾਪਰੀ, ਜਿੱਥੇ ਮਸ਼ਹੂਰ ਇਨਫਲੂਐਂਸਰ ਮੈਡ ਸੰਧੂ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਅਨੁਸਾਰ ਮੈਡ ਸੰਧੂ ਆਪਣੇ ਸਾਥੀਆਂ ਨਾਲ ਆਪਣੀ ਗੱਡੀ ‘ਚ ਲੁਹਾਰਕਾ ਰੋਡ ਰਾਹੀਂ ਰਣਜੀਤ ਐਵੇਨਿਊ ਵੱਲ ਜਾ ਰਿਹਾ ਸੀ। ਇੱਕ ਗੱਡੀ ਵਾਸ਼ਿੰਗ ਸੈਂਟਰ ਦੇ ਬਾਹਰ ਪਹੁੰਚਦਿਆਂ ਹੀ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਵਾਸ਼ਿੰਗ ਸੈਂਟਰ ‘ਚ ਕੰਮ ਕਰਦੇ ਨੌਜਵਾਨਾਂ ਨੇ ਦੱਸਿਆ ਕਿ ਉਹ ਅੰਦਰ ਗੱਡੀਆਂ ਧੋ ਰਹੇ ਸਨ, ਜਿਸ ਕਾਰਨ ਸ਼ੁਰੂ ‘ਚ ਉਨ੍ਹਾਂ ਨੂੰ ਗੋਲੀਆਂ ਦੀ ਆਵਾਜ਼ ਸੁਣਾਈ ਨਹੀਂ ਦਿੱਤੀ। ਬਾਹਰ ਹਫੜਾ-ਦਫੜੀ ਮਚਣ ‘ਤੇ ਜਦੋਂ ਉਹ ਬਾਹਰ ਆਏ ਤਾਂ ਮੈਡ ਸੰਧੂ ਨਾਲ ਮੌਜੂਦ ਉਸ ਦੀਆਂ ਮਹਿਲਾ ਸਾਥੀਆਂ ਅਤੇ ਹੋਰ ਦੁਕਾਨਦਾਰਾਂ ਨੇ ਉਸ ਨੂੰ ਗੱਡੀ ‘ਚ ਪਾ ਕੇ ਤੁਰੰਤ ਹਸਪਤਾਲ ਪਹੁੰਚਾਇਆ, ਪਰ ਹਸਪਤਾਲ ਲਿਜਾਂਦੇ ਸਮੇਂ ਹੀ ਉਸ ਦੀ ਮੌਤ ਹੋ ਗਈ।
ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਪਹੁੰਚੇ ਪੁਲਸ ਕਮਿਸ਼ਨਰ ਹਰਮਨਬੀਰ ਗਿੱਲ ਨੇ ਕਿਹਾ ਕਿ ਹੱਤਿਆਕਾਂਡ ਦੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੈਡ ਸੰਧੂ ਅੰਮ੍ਰਿਤਸਰ ਦੇ ਨਾਲ ਲੱਗਦੇ ਜ਼ਿਲ੍ਹੇ ‘ਚ ਰਹਿੰਦਾ ਸੀ ਅਤੇ ਉਸ ਨੇ ਆਪਣੀ ਗੱਡੀ ਇੱਥੇ ਇੱਕ ਵਾਸ਼ਿੰਗ ਸਟੇਸ਼ਨ ‘ਤੇ ਧੋਣ ਲਈ ਦਿੱਤੀ ਸੀ, ਜਿਥੇ ਉਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪੁਲਸ ਕਮਿਸ਼ਨਰ ਨੇ ਕਿਹਾ ਕਿ ਪੁਲਸ ਕੋਲ ਇਸ ਮਾਮਲੇ ‘ਚ ਕਾਫੀ ਪੁਖਤਾ ਲੀਡਸ ਹਨ, ਜਿੰਨੇ ਵੀ ਵਾਰਦਾਤ ਕੀਤੀ ਹੈ ਅਤੇ ਜਿਸ ਵੱਲੋਂ ਵੀ ਕਰਵਾਈ ਗਈ ਹੈ, ਸਭ ਪਤਾ ਲੱਗ ਗਿਆ ਹੈ ਅਤੇ ਨਤੀਜੇ ਜਲਦੀ ਸਾਹਮਣੇ ਆਉਣਗੇ। ਪੁਲਸ ਕਮਿਸ਼ਨਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੈਡ ਸੰਧੂ ਦਾ ਪੋਸਟਮਾਰਟਮ ਕਰਵਾਇਆ ਜਾ ਚੁੱਕਾ ਹੈ ਅਤੇ FIR ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।
