ਮਰਦਾਂ ਨੂੰ ਹੁਸ਼ਨ ਦੇ ਜ਼ਾਲ ‘ਚ ਫਸਾ ਕੇ ਬਲੈਕਮੇਲ ਕਰਨ ਵਾਲੀਆਂ ਔਰਤਾਂ ਦਾ ਗਿਰੋਹ ਪੁਲਿਸ ਵੱਲੋਂ ਬੇਨਕਾਬ

ਗੁਰਪ੍ਰੀਤ ਸਿੰਘ :- ਰਾਹ ਜਾਂਦੇ ਲੋਕਾਂ ਨੂੰ ਆਪਣੇ ਹੁਸਨ ਦੇ ਜ਼ਾਲ ‘ਚ ਫਸਾਕੇ ਅਸ਼ਲੀਲ ਵੀਡੀਓ ਬਣਾਕੇ, ਉਨ੍ਹਾਂ ਨੂੰ ਬਲੈਕਮੇਲ ਕਰਨ ਵਾਲੀਆਂ ਤਿੰਨ ਨਾਮਜ਼ਦ ਔਰਤਾਂ ਸਮੇਤ ਪੰਜ ਜਣਿਆਂ ਦੇ ਖਿਲਾਫ ਮਾਲੇਰਕੋਟਲਾ ਥਾਣਾ ਸਿਟੀ-1 ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ।

ਇਸ ਸਬੰਧੀ ਸਿਟੀ-1 ਮਾਲੇਰਕੋਟਲਾ ਚ ਦਰਜ ਮੁਕੱਦਮਾ ਨੰਬਰ 54 ਮਿਤੀ 03/03/2026 ਅਨੁਸਾਰ ਨੇੜਲੇ ਪਿੰਡ ਬੁਰਜ ਦੇ ਵਸਨੀਕ ਕਰਮਜੀਤ ਸਿੰਘ ਪੁੱਤਰ ਸੂਰਤਾ ਸਿੰਘ ਨੇ ਪੁਲਸ ਪਾਸ ਦਰਜ ਕਰਵਾਏ ਗਏ ਮਾਮਲੇ ਦੇ ਆਪਣੇ ਬਿਆਨਾਂ ‘ਚ ਦੱਸਿਆ ਕਿ ਕੁਝ ਦਿਨ ਪਹਿਲਾਂ ਜਦੋਂ ਉਹ ਮਾਲੇਰਕੋਟਲਾ ਵਿਖੇ ਡਾ.ਗੁਰਵਿੰਦਰ ਸਿੰਘ ਦੇ ਹਸਪਤਾਲ ‘ਚ ਸਥਿਤ ਮੈਡੀਕਲ ਸਟੋਰ ‘ਤੇ ਦਵਾਈ ਲੈ ਰਿਹਾ ਸੀ ਤਾਂ ਸਟੋਰ ਦੇ ਬਾਹਰ ਐਕਟਿਵਾ ਸਕੂਟਰੀ ‘ਤੇ ਸਵਾਰ ਖੜ੍ਹੀਆਂ ਦੋ ਅਣਪਛਾਤੀਆਂ ਔਰਤਾਂ ਮੇਰੇ ਕੋਲ ਆ ਕੇ ਮੇਰੇ ਨਾਲ ਗੱਲਾਂ ਕਰਨ ਲੱਗੀਆਂ।

ਆਪਣੀਆਂ ਗੱਲਾਂ ਦੇ ਝਾਂਸੇ ‘ਚ ਲੈ ਕੇ ਉਕਤ ਅੋਰਤਾਂ ਮੈਨੂੰ ਆਦਮਪਾਲ ਪਿੰਡ ਦੇ ਇੱਕ ਘਰ ‘ਚ ਲੈ ਗਈਆਂ,ਜਿਥੇ ਉਨ੍ਹਾਂ ਨੇ ਮੈਨੂੰ ਕੋਈ ਨਸ਼ੀਲੀ ਦਵਾਈ ਸੁੰਗਾਹ ਕੇ ਬੇਹੋਸ਼ ਕਰ ਦਿੱਤਾ ਅਤੇ ਆਪਣੇ ਮੋਬਾਇਲ ਫੋਨ ਨਾਲ ਮੇਰੀ ਵੀਡੀਓ ਬਣਾ ਲਈ।ਕੁਝ ਸਮੇਂ ਬਾਅਦ ਜਦੋਂ ਮੈਨੂੰ ਹੋਸ਼ ਆਈ ਤਾਂ ਘਰ ‘ਚ ਉਕਤ ਦੋਵੇਂ ਅੋਰਤਾਂ ਸਮੇਤ ਮੌਜੂਦ ਚਾਰ ਔਰਤਾਂ ਮੈਨੂੰ ਕਹਿਣ ਲੱਗੀਆਂ ਕਿ ਅਸੀਂ ਤੇਰੀ ਵੀਡੀਓ ਬਣਾ ਲਈ ਹੈ, ਸਾਡੇ ਨਾਲ ਬੈਠ ਕੇ ਗੱਲ ਕਰ।ਇਸ ਦੌਰਾਨ ਉਕਤ ਔਰਤਾਂ ਨੇ ਮੇਰੇ ਕੋਲੋਂ 10 ਹਜ਼ਾਰ ਰੁਪਏ ਗੂਗਲ ਪੇਅ ਰਾਹੀਂ ਅਤੇ 1500 ਰੁਪਏ ਨਕਦ ਲੈਣ ਉਪਰੰਤ ਮੈਨੂੰ ਧੱਕੇ ਮਾਰ ਕੇ ਘਰ ਤੋਂ ਬਾਹਰ ਕੱਢ ਦਿੱਤਾ। ਖ਼ਬਰ ਲਿਖੇ ਜਾਣ ਤੱਕ ਇਸ ਮਾਮਲੇ ਚ ਪੁਲਿਸ ਵੱਲੋਂ ਸਿਰਫ ਇੱਕ ਔਰਤ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਹੈ ਜਦ ਕਿ ਬਾਕੀ ਅਜੇਤੱਕ ਪੁਲਿਸ ਦੀ ਪਕੜ ਤੋਂ ਬਾਹਰ ਹਨ।ਇਸ ਘਟਨਾ ਦੀ ਸ਼ਹਿਰ ਅੰਦਰ ਕਾਫੀ ਚਰਚਾ ਚੱਲ ਰਹੀ ਹੈ।

ਜਿਸ ਤੋਂ ਬਾਅਦ ਮੈਂ ਇਹ ਸਾਰੀ ਗੱਲ ਪਿੰਡ ਆਦਮਵਾਲ ਦੇ ਹੀ ਵਸਨੀਕ ਆਪਣੇ ਇੱਕ ਦੋਸਤ ਚਮਕੌਰ ਸਿੰਘ ਪੁੱਤਰ ਗੁਲਜ਼ਾਰ ਸਿੰਘ ਨੂੰ ਦੱਸੀ, ਜੋ ਕਿ ਮੈਨੂੰ ਆਪਣੇ ਘਰ ਦੇ ਬਾਹਰ ਸੜਕ ‘ਤੇ ਖੜ੍ਹਾ ਹੀ ਮਿਲ ਗਿਆ ਸੀ।ਚਮਕੌਰ ਸਿੰਘ ਮੈਨੂੰ ਲੈ ਕੇ ਉਕਤ ਔਰਤਾਂ ਦੇ ਘਰ ਗਿਆ।ਉਕਤਾਨ ਔਰਤਾਂ ਨੇ ਮੇਰੀ ਵੀਡੀਓ ਡਿਲੀਟ (ਖਤਮ) ਕਰਨ ਬਦਲੇ 50 ਹਜ਼ਾਰ ਰੁਪਏ ‘ਚ ਗੱਲ ਤੈਅ ਕਰਕੇ ਮੇਰਾ ਮੋਬਾਇਲ ਫੋਨ ਮੈਨੂੰ ਵਾਪਸ ਦੇ ਦਿੱਤਾ।ਜਿਸ ਸਬੰਧੀ ਚਮਕੌਰ ਸਿੰਘ ਨੇ ਜ਼ਿੰਮੇਵਾਰੀ ਲਈ ਸੀ।ਸ਼ਿਕਾਇਤਕਰਤਾ ਕਰਮਜੀਤ ਸਿੰਘ ਬੁਰਜ਼ ਨੇ ਦੱਸਿਆ ਕਿ ਲੰਘੀ 3 ਮਾਰਚ ਨੂੰ ਚਮਕੌਰ ਸਿੰਘ ਦੇ ਮੋਬਾਇਲ ‘ਤੇ ਇੱਕ ਨੰਬਰ ਤੋਂ ਫੋਨ ਆਇਆ।ਜਿਸ ‘ਚ ਫੋਨ ਕਰਨ ਵਾਲੇ ਨੇ ਕਿਹਾ ਕਿ ਪੈਸੇ ਲੈ ਕੇ ਆ ਜਾਓ ਨਹੀਂ ਤਾਂ ਅਸੀਂ ਤੁਹਾਡੀ ਵੀਡੀਓ ਵਾਇਰਲ ਕਰ ਦੇਵਾਂਗੇ।

ਉਸ ਸਮੇਂ ਆਪਣੀ ਬੇਇਜ਼ਤੀ ਤੋਂ ਡਰਦਿਆਂ ਮੈਂ ਉਕਤ ਅੋਰਤਾਂ ਨਾਲ ਪੈਸਿਆਂ ਦੀ ਗੱਲ ਤੈਅ ਕੀਤੀ ਸੀ ਪਰ ਨਾਲ ਹੀ ਉਨ੍ਹਾਂ ਅਣਪਛਾਤੀਆਂ ਅੋਰਤਾਂ ਦੀ ਸ਼ਨਾਖਤ ਲਈ ਮੈਂ ਆਪਣੇ ਪੱਧਰ ‘ਤੇ ਜਾਂਚ ਵੀ ਕਰਦਾ ਰਿਹਾ ਸੀ।ਕਰਮਜੀਤ ਸਿੰਘ ਬੁਰਜ ਨੇ ਦੱਸਿਆ ਕਿ ਹੁਣ ਜਾ ਕੇ ਮੈਨੂੰ ਪਤਾ ਲੱਗਾ ਕਿ ਉਕਤ ਅੋਰਤਾਂ ‘ਚ ਗੁਰਵਿੰਦਰ ਕੌਰ ਪਤਨੀ ਅਵਤਾਰ ਸਿੰਘ ਵਾਸੀ ਪਿੰਡ ਆਦਮਪਾਲ ਹਾਲਆਬਾਦ ਮਦੇਵੀ ਰੋਡ ਮਾਲੇਰਕੋਟਲਾ, ਹਰਦੀਪ ਕੌਰ ਪਤਨੀ ਜਗਪਾਲ ਸਿੰਘ ਉਰਫ ਪਾਲੀ ਅਤੇ ਮਨਜੋਤ ਕੌਰ ਪੁੱਤਰੀ ਜਗਪਾਲ ਸਿੰਘ ਪਾਲੀ ਵਾਸੀਆਨ ਪਿੰਡ ਆਦਮਪਾਲ ਸਮੇਤ 2 ਹੋਰ ਅਣਪਛਾਤੀਆਂ ਔਰਤਾਂ ਇਨ੍ਹਾਂ ਦੇ ਨਾਲ ਸ਼ਾਮਲ ਹਨ।ਇਨ੍ਹਾਂ ਅੋਰਤਾਂ ਦੇ ਗਰੁੱਪ ਨੇ ਪਹਿਲਾਂ ਵੀ ਕਈ ਲੋਕਾਂ ਨਾਲ ਅਜਿਹਾ ਕਰਦੇ ਹੋਏ ਬਲੈਕਮੇਲ ਕਰਕੇ ਲੋਕਾਂ ਤੋਂ ਪੈਸੇ ਲੁੱਟੇ ਜਾਣ ਬਾਰੇ ਜਾਣਕਾਰੀ ਮਿਲੀ ਹੈ।ਪੁਲਸ ਨੇ ਇਨ੍ਹਾਂ ਔਰਤਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਕਰ ਦਿੱਤੀ ਹੈ।

ਇਸ ਮਾਮਲੇ ਸਬੰਧੀ ਜਦੋਂ ਇੰਸਪੈਕਟਰ ਦਲਜੀਤ ਸਿੰਘ ਗਿੱਲ ਥਾਣਾ ਮੁੱਖੀ ਸਿਟੀ-1 ਮਾਲੇਰਕੋਟਲਾ ਦੇ ਦਫਤਰ ਜਾਕੇ ਉਨ੍ਹਾਂ ਦਾ ਪੱਖ ਜਾਣਿਆਂ ਤਾਂ ਉਨ੍ਹਾਂ ਕਿਹਾ ਕਿ ਉਪਰੋਕਤ ਇਨ੍ਹਾਂ ਔਰਤਾਂ ਵਿਰੁੱਧ ਉਕਤ ਮੁਕੱਦਮਾ ਦਰਜ ਕਰਕੇ ਇੱਕ ਔਰਤ ਗੁਰਵਿੰਦਰ ਕੌਰ ਪਤਨੀ ਅਵਤਾਰ ਸਿੰਘ ਵਾਸੀ ਪਿੰਡ ਆਦਮਵਾਲ ਥਾਣਾ ਸੰਦੌੜ ਜ਼ਿਲ੍ਹਾ ਮਾਲੇਰਕੋਟਲਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਜਦਕਿ ਬਾਕੀ ਔਰਤਾਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨਾਲ ਵੀ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਉਨ੍ਹਾਂ ਦੀ ਪੂਰੀ ਮੱਦਦ ਕੀਤੀ ਜਾਵੇਗੀ ਅਤੇ ਅਰੋਪੀਆਂ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਕੀਤੀ।

By Gurpreet Singh

Leave a Reply

Your email address will not be published. Required fields are marked *