ਸਾਨੂੰ ਰਾਜਨੀਤੀ ਨਹੀਂ ਬਦਲ ਸਕੀ, ਸਗੋਂ ਅਸੀਂ ਰਾਜਨੀਤੀ ਨੂੰ ਬਦਲ ਦਿੱਤਾ, ਸੰਵਿਧਾਨ ਤੇ ਪਾਰਟੀ ਸਥਾਪਨਾ ਦਿਵਸ ਤੇ ਕੇਜਰੀਵਾਲ ਦਾ ਸੰਦੇਸ਼

ਗੁਰਪ੍ਰੀਤ ਸਿੰਘ :- ਆਮ ਆਦਮੀ ਪਾਰਟੀ (AAP) ਦੇ ਸਥਾਪਨਾ ਦਿਵਸ ਮੌਕੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਰਕਰਾਂ ਅਤੇ ਸਮਰਥਕਾਂ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਸੰਦੇਸ਼ ਸਾਂਝਾ ਕਰਦਿਆਂ ਪਾਰਟੀ ਦੇ ਹੁਣ ਤੱਕ ਦੇ ਸਿਆਸੀ ਸਫ਼ਰ ਨੂੰ ਯਾਦ ਕੀਤਾ। ਕੇਜਰੀਵਾਲ ਨੇ ਕਿਹਾ ਕਿ ਜਿਸ ਪਾਰਟੀ ਦੀ ਸ਼ੁਰੂਆਤ ਸਮੇਂ ਕਈ ਲੋਕ ਉਸ ਦੇ ਭਵਿੱਖ ‘ਤੇ ਸਵਾਲ ਚੁੱਕ ਰਹੇ ਸਨ, ਅੱਜ ਉਸ ਨੇ ਦੇਸ਼ ਦੀ ਰਾਜਨੀਤੀ ‘ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ।

ਕੇਜਰੀਵਾਲ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਬਣੀ ਸੀ ਤਾਂ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸਨ। ਕੋਈ ਪੁੱਛਦਾ ਸੀ ਕਿ ਇਹ ਪਾਰਟੀ ਕਿੰਨਾ ਸਮਾਂ ਚੱਲੇਗੀ, ਕੋਈ ਕਹਿੰਦਾ ਸੀ ਕਿ ਇਨ੍ਹਾਂ ਲੋਕਾਂ ਨੂੰ ਰਾਜਨੀਤੀ ਦੀ ਕੀ ਸਮਝ ਹੈ। ਪਰ ਪਾਰਟੀ ਨੇ ਨਾ ਸਿਰਫ਼ ਆਪਣਾ ਸਫ਼ਰ ਜਾਰੀ ਰੱਖਿਆ, ਸਗੋਂ ਲੋਕਾਂ ਦਾ ਭਰੋਸਾ ਵੀ ਜਿੱਤਿਆ।

ਉਨ੍ਹਾਂ ਮੁਤਾਬਕ, ਪਾਰਟੀ ਨੇ ਦਿੱਲੀ ਤੇ ਪੰਜਾਬ ਵਿੱਚ ਸਰਕਾਰ ਬਣਾਈ, ਜਦਕਿ ਜੰਮੂ-ਕਸ਼ਮੀਰ, ਗੋਆ ਤੇ ਗੁਜਰਾਤ ਵਰਗੇ ਸੂਬਿਆਂ ‘ਚ ਵੀ ਲੋਕਾਂ ਦਾ ਸਮਰਥਨ ਹਾਸਲ ਕੀਤਾ। ਕੇਜਰੀਵਾਲ ਨੇ ਕਿਹਾ ਕਿ ‘ਆਪ’ ਨੇ ਸਿੱਖਿਆ ਅਤੇ ਸਿਹਤ ਵਰਗੇ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਪਹਿਲ ਦਿੱਤੀ ਤੇ ਕੰਮ ਦੀ ਰਾਜਨੀਤੀ ਨੂੰ ਅੱਗੇ ਲਿਆਂਦਾ।

ਉਨ੍ਹਾਂ ਆਪਣੇ ਸੰਦੇਸ਼ ‘ਚ ਕਿਹਾ ਕਿ ਸਾਨੂੰ ਰਾਜਨੀਤੀ ਬਦਲ ਨਹੀਂ ਸਕੀ, ਸਗੋਂ ਅਸੀਂ ਰਾਜਨੀਤੀ ਨੂੰ ਬਦਲ ਦਿੱਤਾ। ਕੇਜਰੀਵਾਲ ਨੇ ਕਿਹਾ ਕਿ ਪਾਰਟੀ ਦਾ ਸਫ਼ਰ ਅਜੇ ਰੁਕਣ ਵਾਲਾ ਨਹੀਂ ਹੈ। ਦੇਸ਼ ਲਈ ਬਹੁਤ ਕੰਮ ਕਰਨਾ ਬਾਕੀ ਹੈ ਤੇ ਪਾਰਟੀ ਨਾ ਡਰੇਗੀ ਤੇ ਨਾ ਹੀ ਪਿੱਛੇ ਹਟੇਗੀ। ਅਖੀਰ ‘ਚ ਉਨ੍ਹਾਂ ਨੇ ਸਾਰੇ ਵਰਕਰਾਂ ਤੇ ਸਮਰਥਕਾਂ ਨੂੰ ਸਥਾਪਨਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਸੰਵਿਧਾਨ ਦਿਵਸ ਤੇ ਕੇਜਰੀਵਾਲ ਤੇ CM ਮਾਨ ਨੇ ਦਿੱਤਾ ਖ਼ਾਸ ਸੰਦੇਸ਼

ਦੂਜੇ ਪਾਸੇ, ਅੱਜ ਸੰਵਿਧਾਨ ਦਿਵਸ ਮੌਕੇ ਵੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਦੋਵਾਂ ਆਗੂਆਂ ਨੇ ਭਾਰਤੀ ਸੰਵਿਧਾਨ ਦੀ ਮਹੱਤਤਾ ਤੇ ਇਸ ਦੇ ਮੂਲ ਸਿਧਾਂਤਾਂ ਦੀ ਰਾਖੀ ਕਰਨ ਦੀ ਅਪੀਲ ਕੀਤੀ।

ਕੇਜਰੀਵਾਲ ਨੇ ਆਪਣੇ ਸੰਦੇਸ਼ ‘ਚ ਕਿਹਾ ਕਿ ਸੰਵਿਧਾਨ ਹੋਣ ਕਰਕੇ ਹੀ ਦੇਸ਼ ਦੇ ਲੋਕਾਂ ਕੋਲ ਆਪਣੇ ਅਧਿਕਾਰ ਹਨ ਤੇ ਉਨ੍ਹਾਂ ਨੂੰ ਨਿਆਂ ਮਿਲਦਾ ਹੈ। ਉਨ੍ਹਾਂ ਨੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਯਾਦ ਕਰਦਿਆਂ ਕਿਹਾ ਕਿ ਸੱਤਾ ਤੇ ਸਰਕਾਰਾਂ ਬਦਲਦੀਆਂ ਰਹਿਣਗੀਆਂ, ਪਰ ਦੇਸ਼ ਦਾ ਸੰਵਿਧਾਨ ਹਮੇਸ਼ਾ ਮਜ਼ਬੂਤ ਰਹਿਣਾ ਚਾਹੀਦਾ ਹੈ।https://d-36625760823501976407.ampproject.net/2608201643000/frame.html

ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੋਸ਼ਲ ਮੀਡੀਆ ਰਾਹੀਂ ਦੇਸ਼ ਵਾਸੀਆਂ ਨੂੰ ਸੰਵਿਧਾਨ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਕੋਟਿ-ਕੋਟਿ ਪ੍ਰਣਾਮ ਕਰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਹਰ ਨਾਗਰਿਕ ਨੂੰ ਬਰਾਬਰਤਾ, ਨਿਆਂ, ਆਜ਼ਾਦੀ ਤੇ ਭਾਈਚਾਰੇ ਦਾ ਅਧਿਕਾਰ ਦਿੰਦਾ ਹੈ। CM ਮਾਨ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸੰਵਿਧਾਨਕ ਕਦਰਾਂ-ਕੀਮਤਾਂ ਦੀ ਰਾਖੀ ਕਰਨ ਤੇ ਇੱਕ ਮਜ਼ਬੂਤ, ਖ਼ੁਸ਼ਹਾਲ ਤੇ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਲਈ ਆਪਣਾ ਯੋਗਦਾਨ ਪਾਉਣ। ਉਨ੍ਹਾਂ ਆਪਣੇ ਸੰਦੇਸ਼ ਦੀ ਸਮਾਪਤੀ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਨਾਲ ਕੀਤੀ।

By Gurpreet Singh

Leave a Reply

Your email address will not be published. Required fields are marked *